ਮੀਡੀਆ ਨੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬੀ ਸਾਹਿਤ ਦਾ ਪਾਠ ਪੜ੍ਹਾਇਆ

ਮੀਡੀਆ ਨੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬੀ ਸਾਹਿਤ ਦਾ ਪਾਠ ਪੜ੍ਹਾਇਆ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਐਮਏ ਇੰਗਲਿਸ਼ ਕਰ ਰਹੇ ਵਿਦਿਆਰਥੀਆਂ ਲਈ ਦੂਜਾ ਪੇਪਰ ਹੀਰ-ਵਾਰਿਸ ਦਾ ਕਰਨ ਉਤੇ ਵਿਚਾਰ ਹੋ ਰਹੀ ਹੈ। ਮੀਡੀਆ ਵਿਚ ਪੰਜਾਬ ਯੂਨੀਵਰਸਿਟੀ ਉਤੇ ਪੰਜਾਬੀ ਸਾਹਿਤ ਨੂੰ ਉੱਕਾ ਹੀ ਵਿਸਾਰਨ ਦੇ ਦੋਸ਼ ਲੱਗਣ ਕਾਰਨ ਅਧਿਕਾਰੀਆਂ ਨੇ ਐਮਏ ਇੰਗਲਿਸ਼ ਦੇ ਸਿਲੇਬਸ ‘ਤੇ ਨਜ਼ਰਸਾਨੀ ਦਾ ਕਾਰਜ ਵਿੱਢਦਿਆਂ ਪੰਜਾਬ ਨਾਲ ਸਬੰਧਤ ਸਾਹਿਤ ‘ਤੇ ਪੂਰਾ ਇਕ ਪੇਪਰ ਲੈਣ ਦੀ ਸਿਫਾਰਿਸ਼ ਕੀਤੀ ਹੈ। ਦੂਜਾ ਪੇਪਰ ਵਾਰਿਸ ਸ਼ਾਹ ਦੀ ‘ਹੀਰ’ ਤੇ ਹੋਰਨਾਂ ਲੇਖਕਾਂ ‘ਤੇ ਕੇਂਦਰਤ ਕਰਨ ਲਈ ਕਿਹਾ ਗਿਆ ਹੈ। ਖਬਰਾਂ ਛਪੀਆਂ ਸਨ ਕਿ ਯੂਨੀਵਰਸਿਟੀ ਦੇ ਐਮਏ ਇੰਗਲਿਸ਼ ਦੇ ਪੇਪਰ ‘ਇੰਡੀਅਨ ਰਾਈਟਿੰਗ ਇਨ ਟਰਾਂਸਲੇਸ਼ਨ’ ਦੇ ਮੌਜੂਦਾ ਸਿਲੇਬਸ ‘ਚ ਪੰਜਾਬੀ ਸਾਹਿਤ ਦਾ ਕੁੱਝ ਵੀ ਸ਼ਾਮਲ ਨਹੀਂ ਕੀਤਾ ਗਿਆ ਸੀ।
ਪੰਜਾਬ ਯੂਨੀਵਰਸਿਟੀ ਵਿਚਲੇ ਸੂਤਰਾਂ ਨੇ ਕਿਹਾ ਕਿ ਮੌਜੂਦਾ ਸਿਲੇਬਸ ‘ਤੇ ਨਜ਼ਰਸਾਨੀ ਦਾ ਫ਼ੈਸਲਾ ਪਿਛਲੇ ਹਫ਼ਤੇ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ, ਜਿਸ ਵਿੱਚ ਯੂਨੀਵਰਸਿਟੀ ਦੇ ਇੰਗਲਿਸ਼ ਵਿਭਾਗ ਦੇ ਅਧਿਆਪਕਾਂ ਤੇ ਖੋਜਾਰਥੀਆਂ ਸਮੇਤ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਅਧਿਆਪਕ ਵੀ ਸ਼ਾਮਲ ਸਨ। ਮੀਟਿੰਗ ਦੌਰਾਨ ਹੋਈ ਲੰਮੀ ਵਿਚਾਰ ਚਰਚਾ ਮਗਰੋਂ ਇਹ ਧਾਰਨਾ ਬਣੀ ਕਿ ਹੋਰਨਾਂ ਭਾਰਤੀ ਲੇਖਕਾਂ ਸਮੇਤ ਸੰਤ ਸਿੰਘ ਸੇਖੋਂ ਵੱਲੋਂ ਵਾਰਿਸ ਸ਼ਾਹ ਦੀ ‘ਹੀਰ’ ਦੇ ਕੀਤੇ ਗਏ ਅੰਗਰੇਜ਼ੀ ਤਰਜਮੇ ਨੂੰ ਇੰਡੀਅਨ ਰਾਈਟਿੰਗ ਇਨ ਇੰਗਲਿਸ਼ ਵਿਸ਼ੇ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ। ਇਸ ਵਿਸ਼ੇ ਦੇ ਮੌਜੂਦਾ ਸਿਲੇਬਸ ਵਿੱਚ ਪੰਜਾਬੀ ਨੂੰ ਛੱਡ ਦੇ ਹਿੰਦੀ, ਬੰਗਾਲੀ, ਕੰਨੜ, ਮਰਾਠੀ, ਉੜੀਆ ਤੇ ਉਰਦੂ ਭਾਸ਼ਾ ਵਿੱਚੋਂ ਲਈਆਂ ਅੱਠ ਕ੍ਰਿਤੀਆਂ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਪੜ੍ਹਾਇਆ ਜਾਂਦਾ ਹੈ। ਪੰਜਾਬ ਯੂਨੀਵਰਸਿਟੀ ਦੇ ਸਾਬਕਾ ਡੀਨ (ਭਾਸ਼ਾਵਾਂ) ਅਕਸ਼ੈ ਕੁਮਾਰ, ਜੋ ਖੁਦ ਵੀ ਇੰਗਲਿਸ਼ ਵਿਭਾਗ ਵਿੱਚ ਪ੍ਰੋਫੈਸਰ ਹਨ, ਨੇ ਉਪਰੋਕਤ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਕੁਮਾਰ ਨੇ ਕਿਹਾ ਕਿ ਸਿਲੇਬਸ ਦੇ ਪਾਠਕ੍ਰਮ ਬਾਰੇ ਅਜੇ ਵੀ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਸੂਤਰ ਨੇ ਕਿਹਾ ਕਿ ਮੀਟਿੰਗ ਵਿੱਚ ਕੀਤੀਆਂ ਗਈਆਂ ਸਿਫਾਰਿਸ਼ਾਂ ਨੂੰ ਬੋਰਡ ਆਫ਼ ਸਟਡੀਜ਼ ਅੱਗੇ ਰੱਖਿਆ ਜਾਵੇਗਾ ਤੇ ਮਗਰੋਂ ਇਸ ਨੂੰ ਭਾਸ਼ਾਵਾਂ ਬਾਰੇ ਫੈਕਲਟੀ ਦੀ ਪ੍ਰਵਾਨਗੀ ਦੀ ਲੋੜ ਪਏਗੀ। ਆਖਰੀ ਫ਼ੈਸਲਾ ਯੂਨੀਵਰਸਿਟੀ ਦੀ ਅਕਾਦਮਿਕ ਕਮੇਟੀ ਦਾ ਹੋਵੇਗਾ।