ਪੁਸਤਕ ਪੜਚੋਲ : ‘ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾਂ ਦਾ ਸ਼ਾਹ ਅਸਵਾਰ’

ਪੁਸਤਕ ਪੜਚੋਲ : ‘ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾਂ ਦਾ ਸ਼ਾਹ ਅਸਵਾਰ’

(ਲੇਖਕ: ਅਜਮੇਰ ਸਿੰਘ)

( ਸ. ਅਜਮੇਰ ਸਿੰਘ ਦੀ ਨਵੀਂ ਕਿਤਾਬ ‘ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾਂ ਦਾ ਸ਼ਾਹ ਅਸਵਾਰ’ ਬਾਰੇ ਇਕ ਪੁਸਤਕ ਪੜਚੋਲ ਦੇ (15 ਜੁਲਾਈ, 2017) ਦੇ ਅੰਕ ਵਿਚ ਛਪੀ ਹੈ। ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਦੇ ਪਾਠਕਾਂ ਲਈ ਇਸਨੂੰ ਇੱਥੇ ਛਾਪ ਰਹੇ ਹਾਂ)

ਸ. ਅਜਮੇਰ ਸਿੰਘ ਉੱਤਰਾਧੁਨਿਕ ਦੌਰ ਦਾ ਚਿੰਤਕ ਹੈ। ਉਹ ਸਿੱਖ ਇਤਿਹਾਸ ਦੇ ਕੁਝ ਪ੍ਰਮੁੱਖ ਬਿਰਤਾਂਤਾਂ ਦਾ ਲੇਖਣ/ਪੁਨਰਲੇਖਣ ਕਰ ਰਿਹਾ ਹੈ। ਉਸ ਦੀ ਵਿਚਾਰਧਾਰਾ ਉੱਪਰ ਗੁਰਬਾਣੀ ਅਤੇ ਗੁਰਇਤਿਹਾਸ ਦੇ ਨਾਲ ਨਾਲ ਮਾਰਕਸ, ਹੇਗਲ, ਮਿਸ਼ੇਲ ਫੂਕੋ ਅਤੇ ਗਰਾਮਸ਼ੀ ਦਾ ਪ੍ਰਭਾਵ ਵੀ ਸਪੱਸ਼ਟ ਤੌਰ ‘ਤੇ ਦੇਖਿਆ ਜਾ ਸਕਦਾ ਹੈ।

ਇਹ ਪੁਸਤਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਘਰਸ਼ ਨੂੰ ਇਕ ਸੱਜਰੇ ਅਤੇ ਨਵੇਂ ਪਰਿਪੇਖ ਵਿਚ ਰੱਖ ਕੇ ਬਿਆਨ ਕਰਦੀ ਹੈ। ਇਹੀ ਕਾਰਨ ਹੈ ਕਿ ਇਹ ਸ. ਸਰਾਭਾ ਦੇ ਜੀਵਨ ਬਾਰੇ ਲਿਖੀਆਂ ਹੋਰ ਪੁਸਤਕਾਂ ਨਾਲੋਂ ਨਿਆਰੀ ਅਤੇ ਸਿਰਕੱਢਵੀਂ ਹੈ। ਇਸ ਪੁਸਤਕ ਦੀ ਰਚਨਾ ਕਰਨ ਸਮੇਂ ਲੇਖਕ ਨੇ 100 ਨਾਲੋਂ ਵੀ ਵੱਧ ਪੰਜਾਬੀ ਅਤੇ ਅੰਗਰੇਜ਼ੀ ਪੁਸਤਕਾਂ ਦਾ ਅਧਿਐਨ ਕੀਤਾ ਹੈ। ਉਸ ਨੇ ਆਪਣੇ ਵੱਲੋਂ ਕਿਸੇ ਲੇਖਕ ਦਾ ਜਿਹੜਾ ਵੀ ਹਵਾਲਾ ਦਿੱਤਾ ਹੈ, ਉਸ ਨੂੰ ਪੂਰੀ ਤਰ੍ਹਾਂ ਨਾਲ ਪ੍ਰਮਾਣਿਤ ਕਰ ਲਿਆ ਹੈ। ਹਵਾਲਾ ਦੇਣ ਦੇ ਚਾਅ/ਜੋਸ਼ ਵਿਚ ਕੋਈ ਹਵਾਲਾ ਨਹੀਂ ਦਿੱਤਾ ਗਿਆ। ਇਸ ਵਿਧੀ ਕਾਰਨ ਇਸ ਪੁਸਤਕ ਵਿਚਲਾ ਹਰ ਵੇਰਵਾ ਅਤੇ ਟਿੱਪਣੀ ਪੂਰੀ ਤਰ੍ਹਾਂ ਨਾਲ ਪ੍ਰਾਸੰਗਿਕ ਸਿੱਧ ਹੁੰਦੀ ਹੈ। ਆਪਣੀਆਂ ਕੁਝ ਪਹਿਲੀਆਂ ਪੁਸਤਕਾਂ ਵਿਚ ਵੀ ਉਹ ਇਸੇ ਵਿਧੀ ਦਾ ਪ੍ਰਯੋਗ ਕਰਦਾ ਹੈ।

ਲੇਖਕ ਨੇ ਸ. ਸਰਾਭਾ ਦੇ ਮੁਢਲੇ ਜੀਵਨ, ਅਮਰੀਕਾ-ਯਾਤਰਾ (ਬਰਾਸਤਾ ਹਾਂਗਕਾਂਗ), ਉੱਤਰੀ ਅਮਰੀਕਾ ਵਿਚ ਭਾਰਤੀਆਂ ਦੀ ਦੁਰਦਸ਼ਾ, ਗ਼ਦਰ ਪਾਰਟੀ ਦੀ ਸਥਾਪਨਾ: ਰਣਨੀਤੀ, ਪ੍ਰਚਾਰ ਤੇ ਲਾਮਬੰਦੀ, ਦੇਸ਼ ਨੂੰ ਵਹੀਰਾਂ ਅਤੇ ਬਗ਼ਾਵਤ ਦੀਆਂ ਤਿਆਰੀਆਂ, ਗ਼ਦਰ ਦੇ ਆਰੰਭ ਅਤੇ ਅਸਫਲਤਾ ਆਦਿ ਬਿਰਤਾਂਤ ਏਨੀ ਸਮੁੱਚਤਾਵਾਦੀ ਦ੍ਰਿਸ਼ਟੀ ਬਿਆਨ ਨਾਲ ਕੀਤੇ ਹਨ ਕਿ ਕਿਧਰੇ ਵੀ ਕੋਈ ਖੱਪਾ ਨਜ਼ਰ ਨਹੀਂ ਆਉਂਦਾ। ਇਹ ਪੁਸਤਕ ਸ. ਸਰਾਭਾ ਦਾ ਇਕ ਨਵਾਂ ਅਤੇ ਵਧੇਰੇ ਪ੍ਰਮਾਣਿਕ ਬਿੰਬ ਸਿਰਜਣ ਵਿਚ ਪੂਰੀ ਭਾਂਤ ਸਫਲ ਸਿੱਧ ਹੁੰਦੀ ਹੈ। ਉਸ ਦਾ ਇਹ ਕਥਨ ਧਿਆਨਯੋਗ ਹੈ ਕਿ ਇਨਕਲਾਬੀ ਲਹਿਰਾਂ ਦਾ ਇਤਿਹਾਸ ਲਿਖਣ ਲਈ ਇਸ ਦੇ ਪਾਤਰਾਂ ਦੇ ਅਹਿਸਾਸਾਂ ਨੂੰ ਪਕੜਨਾ ਜਿੰਨਾ ਜ਼ਰੂਰੀ ਹੁੰਦਾ ਹੈ, ਓਨਾ ਹੀ ਦੁੱਭਰ ਵੀ ਹੁੰਦਾ ਹੈ। (ਪੰਨਾ 12) ਪਰ ਉਸ ਨੇ ਇਹ ਕਾਰਨਾਮਾ ਕਰ ਦਿਖਾਇਆ ਹੈ। ਅਜਮੇਰ ਸਿੰਘ ਦੀ ਇਹ ਲਿਖਤ ਹਰ ਪੰਜਾਬੀ ਵਾਸਤੇ ਪੜ੍ਹਨਯੋਗ ਹੈ।
ਰੀਵਿਊਕਾਰ: ਪ੍ਰੋ. ਬ੍ਰਹਮਜਗਦੀਸ਼ ਸਿੰਘ