ਡੇਰਾ ਗੁਰਦੁਆਰਾ ਸੰਤ ਹਰਨਾਮ ਸਿੰਘ ਨਾਮਧਾਰੀ ਦਾ ਵਿਵਾਦ ਵਧਿਆ

ਡੇਰਾ ਗੁਰਦੁਆਰਾ ਸੰਤ ਹਰਨਾਮ ਸਿੰਘ ਨਾਮਧਾਰੀ ਦਾ ਵਿਵਾਦ ਵਧਿਆ

ਕੈਪਸ਼ਨ-ਨਾਮਧਾਰੀ ਗੁਰਦੁਆਰੇ ਅੰਦਰ ਦਾਖਲ ਹੋਣ ਵਾਲੇ ਸਮਰਥਕਾਂ ਨੂੰ ਫੜ ਕੇ ਲਿਜਾਂਦੀ ਹੋਈ ਪੁਲੀਸ।
ਮੁਕੇਰੀਆਂ/ਬਿਊਰੋ ਨਿਊਜ਼ :
ਗੜ੍ਹਦੀਵਾਲਾ ਮਸਤੀਵਾਲ ਰੋਡ ‘ਤੇ ਸਥਿਤ ਡੇਰਾ ਗੁਰਦੁਆਰਾ ਸੰਤ ਹਰਨਾਮ ਸਿੰਘ ਨਾਮਧਾਰੀ ਦਾ ਵਿਵਾਦ ਉਸ ਵੇਲੇ ਭਖ਼ ਗਿਆ, ਜਦੋਂ ਇੱਕ ਧਿਰ ਨੇ ਤੜਕਸਾਰ ਗੁਰਦੁਆਰੇ ਦੇ ਅੰਦਰ ਧੱਕੇ ਨਾਲ ਦਾਖਲ ਹੋ ਕੇ ਅਖੰਡ ਪਾਠ ਆਰੰਭ ਕਰ ਦਿੱਤੇ। ਪਤਾ ਲੱਗਦਿਆਂ ਹੀ ਦੂਜੀ ਧਿਰ ਦੇ ਸਮਰਥਕ ਇਕੱਤਰ ਹੋਣੇ ਸ਼ੁਰੂ ਹੋ ਗਏ। ਸੂਚਨਾ ਮਿਲਣ ‘ਤੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੇ ਗੁਰਦੁਆਰੇ ਅੰਦਰ ਅਖੰਡ ਪਾਠ ਰੱਖਣ ਵਾਲੀ ਧਿਰ ਦੇ ਕਰੀਬ 53 ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਦੱਸਣਯੋਗ ਹੈ ਕਿ ਗੜ੍ਹਦੀਵਾਲਾ ਦੇ ਗੁਰਦੁਆਰਾ ਨਾਮਧਾਰੀ ਦੀ ਪ੍ਰਧਾਨਗੀ ਨੂੰ ਲੈ ਕੇ ਨਾਮਧਾਰੀ ਸੰਪਰਦਾ ਦੇ ਠਾਕੁਰ ਉਦੈ ਸਿੰਘ ਤੇ ਠਾਕੁਰ ਦਲੀਪ ਸਿੰਘ ਦੇ ਸਮਰਥਕਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ। ਇਸ ਸਬੰਧ ਵਿੱਚ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਤੇ ਅਦਾਲਤ ਵੱਲੋਂ ਅਗਲੇ ਹੁਕਮਾਂ ਤੱਕ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਤੜਕਸਾਰ ਗੁਰਦੁਆਰਾ ਸੰਤ ਹਰਨਾਮ ਸਿੰਘ ਨਾਮਧਾਰੀ ਵਿਖੇ ਠਾਕੁਰ ਦਲੀਪ ਸਿੰਘ ਧੜੇ ਦੇ ਆਗੂ ਨਾਮਧਾਰੀ ਕਾਹਨ ਸਿੰਘ ਦੀ ਅਗਵਾਈ ਵਿਚ ਸਮਰਥਕ ਕਥਿਤ ਤੌਰ ‘ਤੇ ਕੰਧ ਟੱਪ ਕੇ ਅੰਦਰ ਜਾ ਵੜੇ। ਅੰਦਰ ਵੜ੍ਹਨ ‘ਤੇ ਸੁਰੱਖਿਆ ਵਜੋਂ ਤਾਇਨਾਤ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹਿਣ ‘ਤੇ ਉਨ੍ਹਾਂ ਇਸ ਦੀ ਸੂਚਨਾ ਥਾਣਾ ਮੁਖੀ ਗੜ੍ਹਦੀਵਾਲਾ ਬਲਵਿੰਦਰਪਾਲ ਨੂੰ ਦਿੱਤੀ।  ਸਥਿਤੀ ਤਣਾਅਪੂਰਨ ਹੁੰਦੀ ਦੇਖ ਕੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਇਸ ‘ਤੇ ਐਸ.ਪੀ. (ਐਚ) ਅਮਰੀਕ ਸਿੰਘ, ਡੀ.ਐਸ.ਪੀ. ਮੁਕੇਰੀਆਂ ਰਵਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ‘ਤੇ ਪੁੱਜ ਗਏ।
ਅਧਿਕਾਰੀਆਂ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਤਣਾਅ ਵਧਣ ‘ਤੇ ਪੁਲੀਸ ਨੇ ਠਾਕੁਰ ਉਦੈ ਸਿੰਘ ਦੇ ਕਰੀਬ 53 ਔਰਤ/ਮਰਦ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਗੁਰਦੁਆਰੇ ਅੰਦਰ ਅਖੰਡ ਪਾਠ ਦੀ ਮਰਿਯਾਦਾ ਬਹਾਲੀ ਲਈ ਬਾਹਰੋਂ ਪਾਠੀ ਮੰਗਵਾ ਕੇ ਪਾਠ ਕਰਵਾਇਆ ਜਾ ਰਿਹਾ ਹੈ, ਜਿਸ ਦੇ 19 ਮਈ ਨੂੰ ਭੋਗ ਪੈਣਗੇ।
ਉੱਧਰ ਠਾਕੁਰ ਦਲੀਪ ਸਿੰਘ ਦੇ ਸਮਰਥਕਾਂ ਪ੍ਰਧਾਨ ਕਾਹਨ ਸਿੰਘ, ਮਹਿੰਦਰ ਸਿੰਘ, ਹਰਦੀਪ ਸਿੰਘ ਵਿਕਰਮਜੀਤ ਸਿੰਘ, ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਹ ਕੋਈ ਕੰਧ ਟੱਪ ਕੇ ਨਹੀਂ, ਸਗੋਂ ਗੇਟ ਰਾਹੀਂ ਆਏ ਹਨ। ਉਨ੍ਹਾਂ ਵੱਲੋਂ ਆਗਾਮੀ ਬਰਸੀ ਸਮਾਗਮ ਸਬੰਧੀ ਲੜੀਵਾਰ ਪਾਠ ਆਰੰਭ ਕੀਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਨਾਮਧਾਰੀ ਸੰਪਰਦਾਇ ਦੇ ਆਗੂਆਂ ਨਾਲ ਧੱਕਾਮੁੱਕੀ ਕੀਤੀ ਹੈ ਅਤੇ ਪ੍ਰਧਾਨ ਕਾਹਨ ਸਿੰਘ ਨਾਲ ਧੱਕੇਸ਼ਾਹੀ ਕਰਨ ਕਰਕੇ ਉਨ੍ਹਾਂ ਦੀ ਹਾਲਤ ਵਿਗੜ ਗਈ ਹੈ।