ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੇ ਵਾਅਦੇ ਵਫ਼ਾ ਨਹੀਂ ਹੋਏ

ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੇ ਵਾਅਦੇ ਵਫ਼ਾ ਨਹੀਂ ਹੋਏ

ਕੈਪਸ਼ਨ-ਸ਼ਹੀਦ ਫ਼ਤਿਹ ਸਿੰਘ ਦੀ ਪਤਨੀ ਸ਼ੋਭਾ ਰਾਣੀ ਤੇ ਧੀ ਮਧੂ ਆਪਣੀ ਵਿਥਿਆ ਸੁਣਾਉਂਦੀਆਂ ਹੋਈਆਂ।
ਕਾਹਨੂੰਵਾਨ/ਬਿਊਰੋ ਨਿਊਜ਼ :
ਸਰਹੱਦ ‘ਤੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਇੱਕ ਵਾਰ ਤਾਂ ਐਲਾਨ ਕਰ ਦਿੱਤੇ ਜਾਂਦੇ ਹਨ ਪਰ ਮਗਰੋਂ ਉਨ੍ਹਾਂ ਨੂੰ ਕੋਈ ਨਹੀਂ ਪੁੱਛਦਾ। ਬੀਤੇ ਸਮੇਂ ਪਠਾਨਕੋਟ ਏਅਰਬੇਸ ‘ਤੇ ਅਤਿਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਕੈਪਟਨ ਫ਼ਤਿਹ ਸਿੰਘ ਕੋਟਲਾ ਗੁੱਜਰਾਂ ਤੇ ਕੁਲਵੰਤ ਸਿੰਘ ਚੱਕ ਸ਼ਰੀਫ਼ ਦੇ ਪਰਿਵਾਰਾਂ ਨੂੰ ਤਤਕਾਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਮਾਲੀ ਮਦਦ ਤੋਂ ਇਲਾਵਾ ਉਨ੍ਹਾਂ ਦੇ ਬੱਚਿਆਂ ਲਈ ਮੁਫ਼ਤ ਪੜ੍ਹਾਈ ਅਤੇ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਨੌਕਰੀ ਦਾ ਵਾਅਦਾ ਅਜੇ ਤੱਕ ਵਫ਼ਾ ਨਹੀਂ ਹੋਇਆ।
ਸ਼ਹੀਦ ਫ਼ਤਿਹ ਸਿੰਘ ਦੀ ਪਤਨੀ ਸ਼ੋਭਾ ਰਾਣੀ ਨੇ ਦੱਸਿਆ ਕਿ ਉਸ ਦੀ ਧੀ ਮਧੂ ਰਾਧਾ ਐਮਏ, ਬੀਐੱਡ ਹੈ ਪਰ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਉਸ ਦੀ ਧੀ ਨੂੰ ਯੋਗਤਾ ਅਨੁਸਾਰ ਨੌਕਰੀ ਨਹੀਂ ਦਿੱਤੀ। ਇਸੇ ਤਰ੍ਹਾਂ ਸ਼ਹੀਦ ਕੁਲਵੰਤ ਸਿੰਘ ਚੱਕ ਸ਼ਰੀਫ਼ ਦੀ ਪਤਨੀ ਹਰਭਜਨ ਕੌਰ ਨੇ ਦੱਸਿਆ ਕਿ ਉਸ ਦੇ ਪੁੱਤ ਨੇ ਪਿਛਲੇ ਸਾਲ ਬਾਰ੍ਹਵੀਂ ਕਰ ਲਈ ਹੈ ਪਰ ਅੱਜ ਤੱਕ ਕਿਸੇ ਨੇ ਵੀ ਪਰਿਵਾਰ ਦੀ ਬਾਤ ਨਹੀਂ ਪੁੱਛੀ ਹੈ। ਉਸ ਦੇ ਛੋਟੇ ਪੁੱਤਰ ਸਤਵਿੰਦਰ ਸਿੰਘ ਦੇ ਦਸਵੀਂ ਦੇ ਸਰਟੀਫਿਕੇਟ ਉੱਪਰ ਨਾਮ ਦੀ ਗ਼ਲਤੀ ਹੋਣ ਕਾਰਨ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇ।
ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਹ ਛੇਤੀ ਹੀ ਇਨ੍ਹਾਂ ਪਰਿਵਾਰਾਂ ਕੋਲ ਜਾ ਕੇ ਮੁਸ਼ਕਲਾਂ ਸੁਣਨਗੇ ਅਤੇ ਵਾਰਸਾਂ ਨੂੰ ਨੌਕਰੀਆਂ ਦੇਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨਗੇ।