ਸਿੱਖ ਕਤਲੇਆਮ ਲਈ ਸੱਜਣ ਕੁਮਾਰ ਨੇ ਮੈਨੂੰ ਬਲੀ ਦਾ ਬਕਰਾ ਬਣਾਇਆ : ਸਾਬਕਾ ਕਾਂਗਰਸੀ ਕੌਂਸਲਰ

ਸਿੱਖ ਕਤਲੇਆਮ ਲਈ ਸੱਜਣ ਕੁਮਾਰ ਨੇ ਮੈਨੂੰ ਬਲੀ ਦਾ ਬਕਰਾ ਬਣਾਇਆ : ਸਾਬਕਾ ਕਾਂਗਰਸੀ ਕੌਂਸਲਰ

ਨਵੀਂ ਦਿੱਲੀ/ਬਿਊਰੋ ਨਿਊਜ਼ :
1984 ਸਿੱਖ ਕਤਲੇਆਮ ਦੇ ਇਕ ਕੇਸ ਵਿਚ ਉਮਰ ਕੈਦ ਭੁਗਤ ਰਹੇ ਕਾਂਗਰਸ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ ਨੇ ਦਿੱਲੀ ਹਾਈ ਕੋਰਟ ਵਿੱਚ ਸੀਨੀਅਰ ਪਾਰਟੀ ਸਾਥੀ ਸੱਜਣ ਕੁਮਾਰ ਉਤੇ ਉਸ ਨੂੰ ਬਲੀ ਦਾ ਬੱਕਰਾ ਬਣਾ ਕੇ ਜ਼ਿੰਦਗੀ ਤਬਾਹ ਕਰਨ ਦਾ ਦੋਸ਼ ਲਾਇਆ। ਕਾਰਜਕਾਰੀ ਚੀਫ ਜਸਟਿਸ ਗੀਤਾ ਮਿੱਤਲ ਤੇ ਜਸਟਿਸ ਅਨੂ ਮਲਹੋਤਰਾ ਦੇ ਬੈਂਚ ਅੱਗੇ ਖੋਖਰ ਨੇ ਕਿਹਾ, ‘ਸੱਜਣ ਕੁਮਾਰ ਤੇ ਉਸ ਦੇ ਵਕੀਲਾਂ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਉਹ (ਸੱਜਣ) ਖ਼ੁਦ ਕੇਸਾਂ ਤੋਂ ਬਚ ਗਿਆ ਹੈ। ਅੱਜ ਮੇਰੇ ਪੱਲੇ ਕੁੱਝ ਵੀ ਨਹੀਂ ਹੈ। ਮੁਕੱਦਮੇਬਾਜ਼ੀ ਵਿਚ ਮੇਰੀ ਜ਼ਮੀਨ ਵੀ ਵਿਕ ਗਈ ਹੈ।’ ਅਦਾਲਤ ਵੱਲੋਂ ਖੋਖਰ ਖ਼ਿਲਾਫ਼ ਤਿੰਨ ਕੇਸ ਮੁੜ ਖੋਲ੍ਹੇ ਗਏ ਹਨ ਤੇ ਬੈਂਚ ਨੇ ਉਸ ਨੂੰ ਪੁੱਛਿਆ ਕਿ ਉਸ ਕੋਲ ਬਚਾਅ ਲਈ ਆਪਣਾ ਵਕੀਲ ਹੋਵੇਗਾ ਜਾਂ ਉਸ ਨੂੰ ਕਾਨੂੰਨੀ ਸਹਾਇਤਾ ਲਈ ਵਕੀਲ ਦਿੱਤਾ ਜਾਵੇ।
ਕਾਂਗਰਸ ਦਾ ਇਕ ਸਾਬਕਾ ਕੌਂਸਲਰ ਬਲਵਾਨ ਖੋਖਰ ਜੋ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਉਸ ਨੇ ਆਪਣੀ ਪਾਰਟੀ ਦੇ ਸੀਨੀਅਰ ਨੇਤਾ ਸੱਜਣ ਕੁਮਾਰ ‘ਤੇ ਦਿੱਲੀ ਹਾਈਕੋਰਟ ਵਿਚ ਇਲਜ਼ਾਮ ਲਗਾਉਂਦਿਆ ਕਿਹਾ ਹੈ ਕਿ ਉਸ ਨੇ ਮੈਨੂੰ ਕੁਰਬਾਨੀ ਦਾ ਬੱਕਰਾ ਬਣਾਕੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਹਾਈਕੋਰਟ ਦੀ ਕਾਰਜਕਾਰੀ ਮੁਖ ਜੱਜ ਜਸਟਿਸ ਗੀਤਾ ਮਿੱਤਲ ਤੇ ਜਸਟਿਸ ਅਨੂ ਮਲਹੋਤਰਾ ਦੀ ਬੈਂਚ ਸਾਹਮਣੇ ਜ਼ੁਬਾਨੀ ਬਿਆਨ ਦਰਜ ਕਰਵਾਉਂਦਿਆ ਖੋਖਰ ਨੇ ਸੱਜਣ ਕੁਮਾਰ ਤੇ ਉਸ ਦੇ ਵਕੀਲਾਂ ‘ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਉਨ੍ਹਾਂ ਖੁਦ ਨੂੰ ਬਚਾਉਣ ਲਈ ਸਭ ਦੋਸ਼ ਮੇਰੇ ‘ਤੇ ਮੜ੍ਹ ਦਿੱਤੇ। ਜੇਲ੍ਹ ਤੋਂ ਪ੍ਰੋਡੰਕਸਨ ਵਾਰੰਟ ‘ਤੇ ਲਿਆ ਕੇ ਹਾਈਕੋਰਟ ਵਿਚ ਨਿੱਜੀ ਤੌਰ ‘ਤੇ ਆਪਣੀ ਗਵਾਹੀ ਦੇਣ ਲਈ ਪੇਸ਼ ਕੀਤੇ ਗਏ ਖੋਖਰ ਨੇ ਦੱਸਿਆ ਕਿ ਉਸ ਨੇ ਮੁਕੱਦਮਾ ਲੜ੍ਹਦਿਆਂ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਸਮੇਤ ਸਭ ਕੁਝ ਗੁਆ ਲਿਆ ਹੈ ਅਤੇ ਸੱਜਣ ਕੁਮਾਰ ਤੇ ਉਸ ਦੇ ਵਕੀਲਾਂ ਨੇ ਉਸ ਦੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ ਹੈ। ਇਸ ‘ਤੇ ਅਦਾਲਤ ਨੇ ਪੁੱਛਿਆ ਕਿ ਉਸ ਖ਼ਿਲਾਫ ਮੁੜ ਖੋਲ੍ਹੇ ਜਾ ਰਹੇ ਮਾਮਲਿਆਂ ਲਈ ਕੀ ਉਸ ਨੂੰ ਵੱਖਰੇ ਵਕੀਲ ਜਾਂ ਕਾਨੂੰਨੀ ਮਦਦ ਦੀ ਲੋੜ ਹੈ ਤਾਂ ਉਸ ਨੇ ਇਸ ਲਈ ਕੁਝ ਸਮਾਂ ਦੇਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਖੋਖਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦਿੱਲੀ ਛਾਉਣੀ ਇਲਾਕੇ ਦੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ ‘ਤੇ ਪਾ ਦਿੱਤੀ।