ਸੈਲੂਲਰ ਜੇਲ੍ਹ ‘ਚ ਦਿਖਾਏ ਜਾ ਰਹੇ ਆਵਾਜ਼ ਤੇ ਰੌਸ਼ਨੀ ਪ੍ਰੋਗਰਾਮ ‘ਚ ਸਿੱਖਾਂ ਦੇ ਯੋਗਦਾਨ ਨੂੰ ਅਣਗੌਲਿਆ ਕੀਤਾ

ਸੈਲੂਲਰ ਜੇਲ੍ਹ ‘ਚ ਦਿਖਾਏ ਜਾ ਰਹੇ ਆਵਾਜ਼ ਤੇ ਰੌਸ਼ਨੀ ਪ੍ਰੋਗਰਾਮ ‘ਚ ਸਿੱਖਾਂ ਦੇ ਯੋਗਦਾਨ ਨੂੰ ਅਣਗੌਲਿਆ ਕੀਤਾ

ਕੈਪਸ਼ਨ-ਸੈਲੂਲਰ ਜੇਲ੍ਹ ਦਾ ਦੌਰਾ ਕਰ ਰਹੇ ਸ਼੍ਰੋਮਣੀ ਕਮੇਟੀ ਵਫ਼ਦ ਦੇ ਮੈਂਬਰ।  
ਅੰਮ੍ਰਿਤਸਰ/ਬਿਊਰੋ ਨਿਊਜ਼ :
ਅੰਡੇਮਾਨ ਅਤੇ ਨਿਕੋਬਾਰ ਗਏ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਖੁਲਾਸਾ ਕੀਤਾ ਹੈ ਕਿ ਸੈਲੂਲਰ ਜੇਲ੍ਹ ਵਿੱਚ ਦਿਖਾਏ ਜਾ ਰਹੇ ਆਵਾਜ਼ ਅਤੇ ਰੌਸ਼ਨੀ ‘ਤੇ ਆਧਾਰਤ ਪ੍ਰੋਗਰਾਮ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਯੋਗਦਾਨ ਨੂੰ ਨਾਮਾਂਤਰ ਨੁਮਾਇੰਦਗੀ ਹੀ ਦਿੱਤੀ ਗਈ ਹੈ। ਵਫ਼ਦ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ‘ਕਾਲੇਪਾਣੀ’ ਵੱਜੋਂ ਜਾਣੀ ਜਾਂਦੀ ਸੈਲੂਲਰ ਜੇਲ੍ਹ ਦੇ ਕੌਮੀ ਸਮਾਰਕ ਦੇ ਦੌਰੇ ਦੌਰਾਨ ਦੱਸਿਆ ਕਿ ਉੱਥੇ ਸਥਾਪਤ ਕੀਤੀਆਂ ਯਾਦਗਾਰੀ ਗੈਲਰੀਆਂ ਅਤੇ ਰੋਜ਼ਾਨਾ ਵਿਖਾਏ ਜਾਂਦੇ ‘ਰੌਸ਼ਨੀ ਤੇ ਆਵਾਜ਼’ ਪ੍ਰੋਗਰਾਮ ਵਿੱਚ ਪੰਜਾਬੀਆਂ ਤੇ ਖ਼ਾਸਕਰ ਸਿੱਖਾਂ ਵੱਲੋਂ ਆਜ਼ਾਦੀ ਸੰਗਰਾਮ ਵਿਚ ਪਾਏ ਯੋਗਦਾਨ ਨੂੰ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਕ ਮੁਕੰਮਲ ਰਿਪੋਰਟ ਵਾਪਸੀ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸੌਂਪੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੈਲੂਲਰ ਜੇਲ੍ਹ ਵਿੱਚ ਕੈਦਾਂ ਕੱਟਣ ਵਾਲੇ ਸਿੱਖ ਯੋਧਿਆਂ ਸਬੰਧੀ ਹਰ ਕਿਸਮ ਦਾ ਉਪਲਬਧ ਰਿਕਾਰਡ ਉਹ ਪੋਰਟ ਬਲੇਅਰ ਵਿੱਚ ਇਕੱਠਾ ਕਰਨ ਦਾ ਯਤਨ ਕਰ ਰਹੇ ਹਨ। ਇਸ ਵਫ਼ਦ ਵਿਚ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਸਣੇ ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਵਧੀਕ ਸਕੱਤਰ ਹਰਭਜਨ ਸਿੰਘ ਮਨਾਵਾਂ, ਡਾ. ਧਰਮਿੰਦਰ ਸਿੰਘ ਉੱਭਾ, ਡਾ. ਪਰਮਵੀਰ ਸਿੰਘ, ਗੁਰਦਰਸ਼ਨ ਸਿੰਘ ਬਾਹੀਆ ਅਤੇ ਜਗਤਾਰ ਸਿੰਘ ਸ਼ਾਮਲ ਹਨ। ਅੰਡੇਮਾਨ ਨਿਕੋਬਾਰ ਸੈਲੂਲਰ ਜੇਲ੍ਹ ਵਿੱਚ ਗਦਰ ਪਾਰਟੀ, ਕਾਮਾਗਾਟਾ ਮਾਰੂ ਅਤੇ ਬੱਬਰ ਅਕਾਲੀ ਲਹਿਰ ਨਾਲ ਸਬੰਧਤ ਕਈ ਆਗੂ ਤੇ ਵਰਕਰ ਕੈਦ ਕੱਟ ਚੁੱਕੇ ਹਨ।