ਫੂਲਕਾ ਦੀ ਅਗਵਾਈ ‘ਚ ‘ਆਪ’ ਆਗੂਆਂ ਨੇ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਲਈ ਵਿੱਢੀ ‘ਪੰਜਾਬ ਯਾਤਰਾ’

ਫੂਲਕਾ ਦੀ ਅਗਵਾਈ ‘ਚ ‘ਆਪ’ ਆਗੂਆਂ ਨੇ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਲਈ ਵਿੱਢੀ ‘ਪੰਜਾਬ ਯਾਤਰਾ’

ਅੰਮ੍ਰਿਤਸਰ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਮੁੜ ਰਾਬਤਾ ਜੋੜਣ ਦੇ ਉਦੇਸ਼ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਹੋਣ ਲਈ ‘ਪੰਜਾਬ ਯਾਤਰਾ’ ਅਰੰਭ ਕੀਤੀ ਗਈ ਹੈ, ਜਿਸ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਦੇ ਵਿਧਾਇਕ ਐਡਵੋਕੇਟ ਐ ੱਚ.ਐਸ. ਫੂਲਕਾ ਵੱਲੋਂ ਆਪਣੇ 10 ਸਾਥੀ ‘ਆਪ’ ਵਿਧਾਇਕਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ‘ਆਪ’ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸਿੱਧਵਾਂ, ਰੁਪਿੰਦਰ ਰੂਬੀ, ਅਮਨ ਅਰੋੜਾ, ਮੀਤ ਹੇਅਰ, ਮਨਜੀਤ ਸਿੰਘ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ, ਅਤੇ ਪਿਰਮਲ ਸਿੰਘ ਵਿਧਾਇਕ ਵੀ ਸ਼ਾਮਲ ਸਨ। ‘ਆਪ’ ਦੀ ਟੀਮ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਬਾਅਦ ਵਿਚ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ. ਫੂਲਕਾ ਤੇ ਹੋਰਨਾਂ ਵਿਧਾਇਕਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾਓ ਤੇ ਧਾਰਮਿਕ ਪੁਸਤਕਾਂ ਦੇ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਜਿੱਤ ਪ੍ਰਾਪਤ ਕਰਨ ਉਪਰੰਤ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਐਡਵੋਕੇਟ ਫੂਲਕਾ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ਾ ਵਿਖੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਹਰ ਇਜਲਾਸ ਤੋਂ ਪਹਿਲਾਂ ‘ਆਪ’ ਵੱਲੋਂ ਪੰਜਾਬ ਦੇ ਲੋਕਾਂ ਦੀਆਂ ਸਰਕਾਰ ਦੇ ਖਿਲਾਫ਼ ਸਥਾਨਕ ਸਮੱਸਿਆਵਾਂ ਤੋਂ ਜਾਣੂ ਹੋਣ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਵਿਚ ਰੱਖਣ ਲਈ ਪੰਜਾਬ ਯਾਤਰਾ ਕੀਤੀ ਜਾਇਆ ਕਰੇਗੀ। ‘ਆਪ’ ਦੀ ਪੰਜਾਬ ਟੀਮ ‘ਤੇ ਦਿੱਲੀ ਵਾਲਿਆਂ ਦਾ ਦਬਾਅ ਹੋਣ ਸਬੰਧੀ ਪੁੱਛੇ ਜਾਣ ਤੇ ਸ. ਫੂਲਕਾ ਨੇ ਕਿਹਾ ਕਿ ਪੰਜਾਬ ਦੀ ਟੀਮ ਨੂੰ ਜੋ ਠੀਕ ਲੱਗਦਾ ਹੈ, ਉਸੇ ਅਨੁਸਾਰ ਹੀ ਫੈਸਲੇ ਲਏ ਜਾਂਦੇ ਹਨ ਤੇ ਸਾਡੇ ‘ਤੇ ਦਿੱਲੀ ਦੇ ਆਗੂਆਂ ਦਾ ਕੋਈ ਦਬਾਅ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਦਿੱਲੀ ਨਿਗਮ ਚੋਣਾਂ ਤੋਂ ਵਿਹਲੇ ਹੋ ਗਏ ਨੇ ਤੇ ਜਲਦੀ ਹੀ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਆਉਣਗੇ। ‘ਆਪ’ ਆਗੂ ਬਾਅਦ ਵਿਚ ਸ੍ਰੀ ਦੁਰਗਿਆਣਾ ਮੰਦਰ ਅਤੇ ਭਗਵਾਨ ਵਾਲਮੀਕਿ ਤੀਰਥ ਰਾਮਤੀਰਥ ਵਿਖੇ ਵੀ ਨਤਮਸਤਕ ਹੋਣ ਪੁੱਜੇ।