ਹਾਰ ਦੇ ਕਾਰਨਾਂ ਦਾ ਮੰਥਨ ਕਰਨ ਲਈ ਹਾਈਕਮਾਨ ਨੇ ਹਾਲੇ ਤਕ ਸੰਪਰਕ ਨਹੀਂ ਕੀਤਾ : ਗੁਰਪ੍ਰੀਤ ਵੜੈਚ

ਹਾਰ ਦੇ ਕਾਰਨਾਂ ਦਾ ਮੰਥਨ ਕਰਨ ਲਈ ਹਾਈਕਮਾਨ ਨੇ ਹਾਲੇ ਤਕ ਸੰਪਰਕ ਨਹੀਂ ਕੀਤਾ : ਗੁਰਪ੍ਰੀਤ ਵੜੈਚ

ਸੰਜੇ ਤੇ ਪਾਠਕ ਦੇ ਅਸਤੀਫ਼ਿਆਂ ਮਗਰੋਂ ਪਾਰਟੀ ‘ਚ ਲਾਵਾਰਸੀ ਵਰਗਾ ਮਾਹੌਲ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਐਚ ਐਸ ਫੂਲਕਾ ਵੱਲੋਂ ਹਾਰ ਦੇ ਕਈ ਖ਼ੁਲਾਸੇ ਕੀਤੇ ਜਾਣ ਤੋਂ ਬਾਅਦ ਹੁਣ ਪਾਰਟੀ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਵੀ ਹਾਈਕਮਾਨ ਖ਼ਿਲਾਫ਼ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਦੂਜੇ ਪਾਸੇ ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਅਤੇ ਜਥੇਬੰਦਕ ਢਾਂਚੇ ਦੇ ਮੁਖੀ ਦੁਰਗੇਸ਼ ਪਾਠਕ ਵੱਲੋਂ ਆਪਣੇ ਅਸਤੀਫ਼ੇ ਸੌਂਪੇ ਜਾਣ ਕਾਰਨ ‘ਆਪ’ ਵਿੱਚ ਲਾਵਾਰਸੀ ਦਾ ਮਾਹੌਲ ਪੈਦਾ ਹੋ ਗਿਆ ਹੈ।
ਸ੍ਰੀ ਵੜੈਚ ਨੇ ਖ਼ੁਲਾਸਾ ਕੀਤਾ ਕਿ ਪਾਰਟੀ ਹਾਈਕਮਾਨ ਨੇ ਉਨ੍ਹਾਂ ਨਾਲ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਲਈ ਅੱਜ ਤੱਕ ਸੰਪਰਕ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ 11 ਮਾਰਚ ਨੂੰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੀ ਮਹਿਜ਼ ਇਕ ਵਾਰ ਹੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਨਾਲ ਕੁਝ ਮਿੰਟਾਂ ਲਈ ਹੀ ਮੁਲਾਕਾਤ ਹੋਈ। ਉਨ੍ਹਾਂ ਕਿਹਾ ਕਿ ਪਾਰਟੀ ਲਈ ਕਈ ਮਹੀਨੇ ਦਿਨ-ਰਾਤ ਕੰਮ ਕਰਦੇ ਰਹੇ ਵਾਲੰਟੀਅਰਾਂ ਵਿੱਚ ਇਸ ਵੇਲੇ ਭਾਰੀ ਮਾਯੂਸੀ ਦਾ ਦੌਰ ਚੱਲ ਰਿਹਾ ਹੈ ਪਰ ਕੌਮੀ ਨੇਤਾਵਾਂ ਵੱਲੋਂ ਅਣਕਿਆਸੀ ਹਾਰ ਬਾਰੇ ਕੋਈ ਚਰਚਾ ਨਾ ਕਰਨ ਕਰ ਕੇ ਵੱਡਾ ਭੰਬਲਭੂਸਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਲਾਏ ਗਏ ਦੋਸ਼ਾਂ ਤੋਂ ਜਾਪਦਾ ਹੈ ਕਿ ਉਹ ਇਸ ਮਾਹੌਲ ਵਿੱਚ ਘੁਟਣ ਮਹਿਸੂਸ ਕਰ ਰਹੇ ਹਨ। ਇਸੇ ਤਰ੍ਹਾਂ ਸ੍ਰੀ ਐਚ.ਐਸ. ਫੂਲਕਾ ਨੇ ਵੀ ਕੁਝ ਸਵਾਲ ਉਠਾਏ ਹਨ ਅਤੇ ਹੋਰ ਵੀ ਕਈ ਲੀਡਰ ਹਾਰ ਦੇ ਕਾਰਨਾਂ ਬਾਰੇ ਕਈ ਕੁਝ ਕਹਿ ਰਹੇ ਹਨ। ਕਨਵੀਨਰ ਨੇ ਬੇਵੱਸੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਇਸ ਮੁੱਦੇ ਉਪਰ ਫਿਲਹਾਲ ਕੁਝ ਵੀ ਕਹਿਣ ਦੀ ਹਾਲਤ ਵਿੱਚ ਨਹੀਂ ਹਨ।
ਸ੍ਰੀ ਵੜੈਚ ਨੇ ਕਿਹਾ ਕਿ ਉਹ ਖੁਦ ਬੜੀ ਦੁਬਿਧਾ ਵਿੱਚ ਫਸੇ ਪਏ ਹਨ ਕਿਉਂਕਿ ਵਾਲੰਟੀਅਰ ਉਨ੍ਹਾਂ ਵੱਲ ਵੇਖ ਰਹੇ ਹਨ ਪਰ ਹਾਈਕਮਾਨ ਵੱਲੋਂ ਕੋਈ ਨਵੇਂ ਦਿਸ਼ਾ-ਨਿਰਦੇਸ਼ ਨਹੀਂ ਦਿੱਤੇ ਜਾ ਰਹੇ ਅਤੇ ਪਾਰਟੀ ਨੂੰ ਬਚਾਉਣ ਲਈ ਵਾਲੰਟੀਅਰਾਂ ਨੂੰ ਤੁਰੰਤ ਨਿਰਾਸ਼ਾ ਵਿੱਚੋਂ ਕੱਢਣ ਦੀ ਲੋੜ ਹੈ। ਇਸੇ ਦੌਰਾਨ ਦੁਰਗੇਸ਼ ਪਾਠਕ ਨੇ ਪੁਸ਼ਟੀ ਕੀਤੀ ਕਿ ਸੰਜੇ ਸਿੰਘ ਅਤੇ ਉਸ ਨੇ ਪੰਜਾਬ ਇਕਾਈ ਦੇ ਅਬਜ਼ਰਵਰਾਂ ਵਜੋਂ ਅਸਤੀਫੇ ਦੇ ਦਿੱਤੇ ਹਨ। ਸ੍ਰੀ ਦੁਰਗੇਸ਼ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ 11 ਮਾਰਚ ਨੂੰ ਪੰਜਾਬ ਦੇ ਨਤੀਜੇ ਆਉਣ ਤੋਂ ਤੁਰੰਤ ਬਾਅਦ ਹੀ ਅਸਤੀਫੇ ਸ੍ਰੀ ਕੇਜਰੀਵਾਲ ਨੂੰ ਸੌਂਪ ਦਿੱਤੇ ਸਨ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਨਗਰ ਨਿਗਮ ਚੋਣਾਂ ਕਾਰਨ ਉਨ੍ਹਾਂ ਦੇ ਅਸਤੀਫਿਆਂ ਦਾ ਜਨਤਕ ਤੌਰ ‘ਤੇ ਜ਼ਿਕਰ ਨਹੀਂ ਕੀਤਾ ਗਿਆ ਸੀ। ਸ੍ਰੀ ਪਾਠਕ ਨੇ ਕਿਹਾ ਕਿ ਹੁਣ ਪਾਰਟੀ ਵੱਲੋਂ ਪੰਜਾਬ ਲਈ ਨਵੇਂ ਆਬਜ਼ਰਵਰ ਲਾਏ ਜਾਣਗੇ।
ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਚੋਣਾਂ ਤੋਂ ਬਾਅਦ ‘ਆਪ’ ਦੀ ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਅਤੇ ਸਹਿ ਇੰਚਾਰਜ ਦੁਰਗੇਸ਼ ਪਾਠਕ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਐਲਾਨ ਕਰ ਦਿੱਤਾ। ਅਸਤੀਫ਼ਿਆਂ ਦਾ ਦੌਰ ਬੀਤੇ ਦਿਨੀਂ ਦਿੱਲੀ ਦੇ ‘ਆਪ’ ਦੇ ਕਨਵੀਨਰ ਦਲੀਪ ਪਾਂਡੇ ਦੇ ਅਸਤੀਫ਼ੇ ਮਗਰੋਂ ਸ਼ੁਰੂ ਹੋ ਗਿਆ ਸੀ। ਪਾਰਟੀ ਦੇ ਆਗੂ ਅਸ਼ੀਸ਼ ਤਲਵਾਰ ਵੱਲੋਂ ਅਸਤੀਫ਼ਾ ਦੇਣ ਦੀ ਖ਼ਬਰ ਹੈ। ਬੀਤੀ ਸ਼ਾਮ ਹੀ ਵਿਧਾਇਕ ਸੋਮਨਾਥ ਭਾਰਤੀ ਦੇ ਅਸਤੀਫ਼ੇ ਦੀਆਂ ਅਫ਼ਵਾਹਾਂ ਵੀ ਜ਼ੋਰਾਂ ‘ਤੇ ਸਨ। ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਨੇ ਵੀ ਹਾਰ ਮਗਰੋਂ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ। ਉਂਜ ਪਾਰਟੀ ਵਿੱਚ ਅਰਵਿੰਦ ਕੇਜਰੀਵਾਲ ਖ਼ਿਲਾਫ਼ ਵੀ ਆਵਾਜ਼ਾਂ ਉੱਠਣ ਲੱਗੀਆਂ ਹਨ ਪਰ ਪਾਰਟੀ ਦੇ ਕੌਮੀ ਬੁਲਾਰੇ ਆਸ਼ੂਤੋਸ਼ ਨੇ ਸ੍ਰੀ ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਦਾ ਤਰਕ ਹੈ ਕਿ ਪਾਰਟੀ ਨੇ ਚਾਰ ਸਾਲਾਂ ਦੇ ਛੋਟੇ ਜਿਹੇ ਸਮੇਂ ਵਿੱਚ ਹੀ ਇੱਕ ਸੂਬੇ ਵਿਚ ਸਰਕਾਰ ਬਣਾਈ ਹੈ ਅਤੇ ਇੱਕ ਸੂਬੇ ਵਿੱਚ ਉਹ ਮੁੱਖ ਵਿਰੋਧੀ ਧਿਰ ਹੈ।
ਦਰਅਸਲ ਪੰਜਾਬ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਨੂੰ ਅਮਲੀ ਜਾਮਾ ਪਾਉਣ ਦੀ ਜ਼ਿਆਦਾਤਰ ਜ਼ਿੰਮੇਵਾਰੀ ਸੰਜੇ ਤੇ ਪਾਠਕ ਦੇ ਕੋਲ ਹੀ ਸੀ ਅਤੇ ਚੋਣਾਂ ਦੌਰਾਨ ਆਮ ਵਰਕਰਾਂ ਨੂੰ ਨਜ਼ਰ ਅੰਦਾਜ਼ ਕਰਨ ਅਤੇ ਟਿਕਟਾਂ ਵੇਚਣ ਸਬੰਧੀ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ‘ਤੇ ਕਥਿਤ ਦੋਸ਼ ਵੀ ਲੱਗੇ ਸਨ ਪਰ ਉਸ ਵੇਲੇ ਪਾਰਟੀ ਵੱਲੋਂ ਇਨ੍ਹਾਂ ਦੋਸ਼ਾਂ ਪ੍ਰਤੀ ਕੋਈ ਗੰਭੀਰਤਾ ਨਹੀਂ ਵਿਖਾਈ ਸੀ, ਜਿਸ ਤੋਂ ਬਾਅਦ ਪਾਰਟੀ ਦੇ ਆਮ ਵਰਕਰਾਂ ਵਿਚ ਕਾਫੀ ਰੋਸ ਤੇ ਨਾਰਾਜ਼ਗੀ ਹਾਲੇ ਤੱਕ ਬਰਕਰਾਰ ਸੀ। ਜਾਣਕਾਰੀ ਅਨੁਸਾਰ ਦੋਵੇਂ ਆਗੂਆਂ ਦੇ ਅਸਤੀਫ਼ੇ ਮਗਰੋਂ ਪਾਰਟੀ ਹਾਈਕਮਾਨ ਨੇ ਪੰਜਾਬ ਵਿਚ ਪਾਰਟੀ ਅੰਦਰ ਟਕਰਾਅ ਟਾਲਣ ਅਤੇ ਰੋਸ ਘੱਟ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।