ਪੰਥਕ ਧਿਰਾਂ ਨੇ ਬਾਦਲਾਂ ਨੂੰ ਧਾਰਮਿਕ ਖੇਤਰ ‘ਚੋਂ ਵੀ ਬਾਹਰ ਕਰਨ ਦੀ ਘੜੀ ਰਣਨੀਤੀ

ਪੰਥਕ ਧਿਰਾਂ ਨੇ ਬਾਦਲਾਂ ਨੂੰ ਧਾਰਮਿਕ ਖੇਤਰ ‘ਚੋਂ ਵੀ ਬਾਹਰ ਕਰਨ ਦੀ ਘੜੀ ਰਣਨੀਤੀ

ਯੂਨਾਈਟਿਡ ਅਕਾਲੀ ਦਲ ਨੂੰ ਦਿੱਤਾ ਜਾਵੇਗਾ ਨਵਾਂ ਰੂਪ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਥਕ ਧਿਰਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵਿਧਾਨ ਸਭਾ ਚੋਣਾਂ ਵਿਚ ਮਿਲੀ ਭਰੀ ਹਾਰ ਤੋਂ ਬਾਅਦ ਹੁਣ ਉਸ ਨੂੰ ਧਾਰਮਿਕ ਖੇਤਰ ਵਿਚੋਂ ਵੀ ਕੱਢਣ ਦੀ ਰਣਨੀਤੀ ਬਣਾਈ ਹੈ। ਇਸ ਦੇ ਨਾਲ ਹੀ ਪੰਥਕ ਧਿਰਾਂ ਨੇ ਨਗਰ ਨਿਗਮ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀਆਂ ਚੋਣਾਂ ਲੜਨ ਦਾ ਐਲਾਨ ਵੀ ਕੀਤਾ ਹੈ।
ਯੂਨਾਈਟਿਡ ਅਕਾਲੀ ਦਲ ਨੂੰ ਅਗਲੇ 10 ਦਿਨਾਂ ਵਿਚ ਨਵਾਂ ਰੰਗਰੂਪ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਵਿਚ ਵਿਆਪਕ ਪੱਧਰ ‘ਤੇ ਨਵੀਆਂ ਨਿਯੁਕਤੀਆਂ ਕਰਨ ਦੇ ਸੰਕੇਤ ਮਿਲੇ ਹਨ। ਯੂਨਾਈਟਿਡ ਐਕਸ ਸਰਵਿਸਮੈਨ ਫਰੰਟ ਦੇ ਪ੍ਰਧਾਨ ਕੈਪਟਨ ਚੰਨਣ ਸਿੰਘ ਸਿੱਧੂ ਨੇ ਫਰੰਟ ਨੂੰ ਯੂਨਾਈਟਿਡ ਅਕਾਲੀ ਦਲ ਵਿਚ ਮਰਜ ਕਰਨ ਦਾ ਐਲਾਨ ਕੀਤਾ। ਦੂਜੇ ਪਾਸੇ ਕੈਪਟਨ ਸਿੱਧੂ ਨੂੰ ਯੂਨਾਈਟਿਡ ਅਕਾਲੀ ਦਲ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਮੀਤ ਪ੍ਰਧਾਨ ਜਸਵਿੰਦਰ ਸਿੰਘ ਬਰਾੜ  ਅਤੇ ਨਵ-ਨਿਯੁਕਤ ਸਕੱਤਰ ਜਨਰਲ ਕੈਪਟਨ ਚੰਨਣ ਸਿੰਘ ਸਿੱਧੂ ਨੇ ਇਥੇ ਪ੍ਰੈਸ ਕਾਨਫਰੰਸ ਕਰਕੇ ਸੰਕੇਤ ਦਿੱਤੇ ਕਿ ਪਾਰਟੀ ਨੂੰ 10 ਦਿਨਾਂ ਵਿਚ ਨਵਾਂ ਰੂਪ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਰਟੀ ਨੂੰ ਵਿਆਪਕ ਰੂਪ ਦੇਣ ਲਈ ਕਈ ਧਿਰਾਂ ਨਾਲ ਚਰਚਾ ਹੋ ਚੁੱਕੀ ਹੈ ਅਤੇ ਪਾਰਟੀ ਲੀਡਰਸ਼ਿਪ ਵਿਚ ਵੀ ਵੱਡੇ ਪੱਧਰ ‘ਤੇ ਫੇਰਬਦਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁੱਖ ਸਿੰਘ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿਵਾਉਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਿਭਾਈ ਭੂਮਿਕਾ ਦਾ ਖੁਲਾਸਾ ਕਰਕੇ ਇਕ ਵਾਰ ਫਿਰ ਜੱਗ ਜ਼ਾਹਰ ਕਰ ਦਿੱਤਾ ਹੈ ਕਿ ਬਾਦਲਾਂ ਨੂੰ ਪੰਥ ਜਾਂ ਪੰਜਾਬ ਨਹੀਂ ਸਗੋਂ ਸੱਤਾ ਪਿਆਰੀ ਹੈ। ਇਸ ਕਾਰਨ ਹੁਣ ਬਾਦਲਾਂ ਨੂੰ ਸਿਆਸੀ ਪਿੜ ਤੋਂ ਬਾਅਦ ਧਾਰਮਿਕ ਪਿੜ ਵਿਚੋਂ ਵੀ ਨਿਕਾਲਾ ਦੇਣਾ ਜ਼ਰੂਰੀ ਹੈ।  ਪਾਰਟੀ ਨੇ ਇਸ ਵਾਰ ਪੂਰੀ ਤਿਆਰੀ ਕਰਕੇ ਐਸਜੀਪੀਸੀ ਦੀਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਇਸ ਵੇਲੇ ਪੂਰੀ ਤਰ੍ਹਾਂ ਬਾਦਲਾਂ ਦੀ ਕਠਪੁਤਲੀ ਬਣ ਚੁੱਕੀ ਹੈ ਅਤੇ ਜਿਹੜਾ ਵੀ ਬਾਦਲਾਂ ਵਿਰੁੱਧ ਬੋਲਦਾ ਹੈ ਉਸ ਨੂੰ ਐਸਜੀਪੀਸੀ ਵੱਲੋਂ ਛਾਂਗਿਆ ਜਾ ਰਿਹਾ ਹੈ। ਉਨ੍ਹਾਂ ਇਸ ਵਾਰ ਨਿਗਮ ਚੋਣਾਂ ਲੜਨ ਦਾ ਐਲਾਨ ਕੀਤਾ। ਤਿੰਨਾਂ ਆਗੂਆਂ ਨੇ ਦੱਸਿਆ ਕਿ ਅਗਲੇ ਦਿਨੀਂ ਪਾਰਟੀ ਵੱਲੋਂ ਵੱਡਾ ਇਕੱਠ ਕਰਕੇ ਜਿਥੇ ਜਥੇਬੰਦੀ ਨੂੰ ਨਵਾਂ ਰੂਪ ਦਿੱਤਾ ਜਾਵੇਗਾ, ਉਥੇ ਐਸਜੀਪੀਸੀ ਉਪਰ ਬਾਦਲਾਂ ਦੇ ਗਲਬੇ ਨੂੰ ਖ਼ਤਮ ਕਰਨ ਲਈ ਰਣਨੀਤੀ ਦਾ ਐਲਾਨ ਵੀ ਕੀਤਾ ਜਾਵੇਗਾ।
ਇਸ ਮੌਕੇ ਕੈਪਟਨ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਐਕਸ ਸਰਵਿਸਮੈਨ ਫਰੰਟ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਡੱਟ ਕੇ ਹਮਾਇਤ ਕੀਤੀ ਸੀ ਪਰ ਉਨ੍ਹਾਂ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀਆਂ ਦਾ ਹਮਾਇਤੀ ਕਹਿ ਕੇ ਦੁਨੀਆਂ ਭਰ ਦੇ ਸਿੱਖਾਂ ਨੂੰ ਭਾਰੀ ਠੇਸ ਅਤੇ ਢਾਹ ਲਾਈ ਹੈ। ਸੂਤਰਾਂ ਅਨੁਸਾਰ ਯੂਨਾਈਟਿਡ ਅਕਾਲੀ ਦਲ ਵੱਲੋਂ ਆਪਣੇ ਨਵੇਂ ਢਾਂਚੇ ਨੂੰ ਬਣਾਉਣ ਵੇਲੇ ਕਈ ਸੀਨੀਅਰ ਆਗੂਆਂ ਦੀ ਛਾਂਟੀ ਕੀਤੀ ਜਾ ਸਕਦੀ ਹੈ।