ਕਸ਼ਮੀਰ ਵਿਚ ਪੱਥਰਬਾਜ਼ੀ ‘ਚ ਵਿਦਿਆਰਥਣਾਂ ਵੀ ਹੋਈਆਂ ਸ਼ਾਮਲ

ਕਸ਼ਮੀਰ ਵਿਚ ਪੱਥਰਬਾਜ਼ੀ ‘ਚ ਵਿਦਿਆਰਥਣਾਂ ਵੀ ਹੋਈਆਂ ਸ਼ਾਮਲ

ਸ੍ਰੀਨਗਰ/ਬਿਊਰੋ ਨਿਊਜ਼ :
ਪ੍ਰਸ਼ਾਸਨ ਵੱਲੋਂ ਕਸ਼ਮੀਰ ਵਾਦੀ ਵਿਚ ਲਗਭਗ ਇਕ ਹਫ਼ਤਾ ਕਾਲਜ, ਯੂਨੀਵਰਸਿਟੀਆਂ ਤੇ ਹਾਇਰ ਸੈਕੰਡਰੀ ਸਕੂਲਾਂ ਨੂੰ ਪੰਜ ਦਿਨ ਬੰਦ ਰੱਖਣ ਤੋਂ ਬਾਅਦ ਖੋਲ੍ਹਿਆ ਗਿਆ, ਜਿਥੇ ਆਮ ਦਿਨਾਂ ਵਾਂਗ ਪੜ੍ਹਾਈ ਸ਼ੁਰੂ ਹੋ ਗਈ। ਸ੍ਰੀਨਗਰ ਦੇ ਐਮ.ਏ. ਰੋਡ ‘ਤੇ ਪੁਲੀਸ ਤੇ ਵਿਦਿਆਰਥੀਆਂ ਵਿਚਾਲੇ ਉਸ ਵੇਲੇ ਝੜਪ ਹੋ ਗਈ, ਜਦੋਂ ਕੁਝ ਵਿਦਿਆਰਥੀਆਂ ਨੇ ਸੜਕ ‘ਤੇ ਧਰਨਾ ਦੇਣ ਮੌਕੇ ਟਰੈਫਿਕ ਵਿਚ ਰੁਕਾਵਟ ਪਾਉਂਦੇ ਹੋਏ ਪੁਲੀਸ ‘ਤੇ ਪਥਰਾਅ ਕੀਤਾ, ਜਿਸ ਵਿਚ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਇਸ ਮੌਕੇ ਪੁਲੀਸ ਨੇ ਕਾਰਵਾਈ ਕਰਦੇ ਹੋਏ ਕੁਝ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਕੇ ਨੇੜੇ ਕੋਟੀ ਬਾਗ ਥਾਣੇ ਵਿਚ ਲੈ ਗਈ, ਜਿਸ ਦੀ ਖਬਰ ਫੈਲਦੇ ਹੀ ਵਿਮੈਨ ਤੇ ਐਸ.ਪੀ. ਕਾਲਜ ਦੇ ਵਿਦਿਆਰਥੀਆਂ ਸਣੇ ਐਸ.ਪੀ. ਹਾਇਰ ਸੈਕੰਡਰੀ ਸਕੂਲ ਦੇ ਸੈਂਕੜੇ ਵਿਦਿਆਰਥੀਆਂ ਨੇ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਭੀੜ-ਭੜੱਕੇ ਵਾਲੀ ਐਮ.ਏ. ਰੋਡ ‘ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਹਿੰਸਕ ਪ੍ਰਦਰਸ਼ਨ ਕਰਦਿਆਂ ਆਜ਼ਾਦੀ ਦੇ ਨਾਅਰੇ ਮਾਰਦੇ ਸ੍ਰੀਨਗਰ ਦੇ ਲਾਲ ਚੌਕ ਵੱਲ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਪੁਲੀਸ ਜਿਪਸੀ ‘ਤੇ ਭਾਰੀ ਪਥਰਾਅ ਕੀਤਾ। ਖ਼ਾਸ ਗੱਲ ਇਹ ਸੀ ਕਿ ਵਿਦਿਆਰਥਣਾਂ ਨੇ ਵੀ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ। ਪੁਲੀਸ ਵੱਲੋਂ ਉਨ੍ਹਾਂ ਨੂੰ ਰੋਕਣ ਦੌਰਾਨ ਉਨ੍ਹਾਂ ਦੀ ਝੜਪ ਹੋ ਗਈ। ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਇਨ੍ਹਾਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਤੇ ਹਵਾ ਵਿਚ ਕੁਝ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਐਮ.ਏ. ਰੋਡ, ਰੀਗਲ ਚੌਕ ਤੇ ਲਾਲਾ ਚੌਕ ਦੇ ਆਲੇ-ਦੁਆਲੇ ਝੜਪ ਫੈਲ ਗਈ, ਜਿਸ ਕਾਰਨ ਦੁਕਾਨਾਂ ਬੰਦ ਕਰਨ ਨਾਲ ਕਾਰੋਬਾਰੀ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ। ਸੜਕਾਂ ਤੋਂ ਟਰੈਫਿਕ ਗਾਇਬ ਹੋ ਗਿਆ। ਪਥਰਾਅ ਦੀਆਂ ਘਟਨਾਵਾਂ ਵਿਚ ਐਸ.ਐਸ.ਪੀ. ਸ੍ਰੀਨਗਰ ਸਮੇਤ, 3 ਫੋਟੋ ਪੱਤਰਕਾਰ ਤੇ ਕਈ ਪੁਲੀਸ ਕਰਮੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰ ਦਿੱਤਾ ਗਿਆ ਹੈ। ਪੁਲੀਸ ਦੇ ਇਕ ਅਧਿਕਾਰੀ ਨੇ 6 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਤਸਦੀਕ ਕੀਤੀ।