ਪਿੰਗਲਵਾੜਾ ਤੇ ਯੂਨੀਕ ਹੋਮ ਦੇ ਬੱਚਿਆਂ ਨਾਲ ਖੇਡੇ ਕੈਨੇਡਾ ਦੇ ਰੱਖਿਆ ਮੰਤਰੀ

ਪਿੰਗਲਵਾੜਾ ਤੇ ਯੂਨੀਕ ਹੋਮ ਦੇ ਬੱਚਿਆਂ ਨਾਲ ਖੇਡੇ ਕੈਨੇਡਾ ਦੇ ਰੱਖਿਆ ਮੰਤਰੀ
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਜਲੰਧਰ ਸਥਿਤ ਯੂਨੀਕ ਹੋਮ ਵਿਖੇ ਇੱਕ ਬੱਚੀ ਨੂੰ ਲਾਡ ਲਡਾਉਂਦੇ ਹੋਏ।

ਜੰਡਿਆਲਾ ਗੁਰੂ/ਬਿਊਰੋ ਨਿਊਜ਼ :
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਪਿੰਗਲਵਾੜਾ ਮਾਨਾਂਵਾਲਾ ਪਹੁੰਚੇ ਤੇ ਕਰੀਬ ਇੱਕ ਘੰਟਾ ਇੱਥੇ ਸਮਾਂ ਬਿਤਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿੰਗਲਵਾੜਾ ਆ ਕੇ ਰੂਹਾਨੀ ਖੁਸ਼ੀ ਮਿਲੀ ਹੈ। ਇਸ ਮੌਕੇ ਪਿੰਗਲਵਾੜਾ ਮੁਖੀ ਡਾ. ਇੰਦਰਜੀਤ ਕੌਰ ਨੇ ਸ੍ਰੀ ਸੱਜਣ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਰੱਖਿਆ ਮੰਤਰੀ ਸ੍ਰੀ ਸੱਜਣ ਨੇ ਪਿੰਗਲਵਾੜਾ ਦੇ ਮਾਨਾਂਵਾਲਾ ਕੈਂਪਸ ਵਿਚ ਭਗਤ ਪੂਰਨ ਸਿੰਘ ਆਦਰਸ਼ ਸਕੂਲ, ਵਿਸ਼ੇਸ਼ ਬੱਚਿਆਂ ਦੇ ਵਾਰਡ ਤੇ ਭਗਤ ਪੂਰਨ ਸਿੰਘ ਬਣਾਉਟੀ ਅੰਗ ਕੇਂਦਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਫਿਨਲੈਂਡ ਤੋਂ ਆਏ ਵਾਲੰਟੀਅਰ ਵੀ ਮਿਲੇ। ਡਾ. ਇੰਦਰਜੀਤ ਕੌਰ ਨੇ ਕੈਨੇਡਾ ਦੇ ਰੱਖਿਆ ਮੰਤਰੀ ਸ੍ਰੀ ਸੱਜਣ ਨੂੰ ਸਨਮਾਨਿਤ ਕੀਤਾ। ਸ੍ਰੀ ਸੱਜਣ ਨੇ ਡਾ. ਇੰਦਰਜੀਤ ਕੌਰ ਨੂੰ ਮਨੁੱਖਤਾ ਦੀ ਸੇਵਾ ਦੇ ਖੇਤਰ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਲਈ ਵਿਸ਼ੇਸ਼ ਸਨਮਾਨ ਸਰਟੀਫਿਕੇਟ ਵੀ ਦਿੱਤਾ।
ਜਲੰਧਰ : ਹਰਜੀਤ ਸਿੰਘ ਸੱਜਣ ਨੇ ਇੱਥੇ ਯੂਨੀਕ ਹੋਮ ਵਿੱਚ ਅਨਾਥ ਬੱਚੀਆਂ ਨਾਲ ਦੋ ਘੰਟੇ ਤੋਂ ਵੱਧ ਸਮਾਂ ਬਿਤਾਇਆ। ਉਨ੍ਹਾਂ ਛੋਟੇ ਬੱਚਿਆਂ ਨਾਲ ਘਾਹ ਦੇ ਮੈਦਾਨ ‘ਤੇ ਦੌੜ-ਦੌੜ ਕੇ ਛੂਆ-ਛੁਆਈ ਖੇਡੀ। ਉਹ ਉਦੋਂ ਭਾਵੁਕ ਹੋ ਗਏ ਜਦੋਂ ਉਨ੍ਹਾਂ ਸਾਹਮਣੇ 15 ਦਿਨ ਪਹਿਲਾਂ ਯੂਨੀਕ ਹੋਮ ਵਿੱਚ ਉਸ ਬੱਚੀ ਨੂੰ ਲਿਆਂਦਾ ਗਿਆ, ਜਿਸ ਨੂੰ ਉਸ ਦੇ ਮਾਪਿਆਂ ਨੇ ਖੂਹ ਵਿੱਚ ਸੁੱਟ ਦਿੱਤਾ ਸੀ। ਇਸ ਬੱਚੀ ਬਾਰੇ ਛਪੀਆਂ ਖ਼ਬਰਾਂ ਪੜ੍ਹ ਕੇ ਹੀ ਸ੍ਰੀ ਸੱਜਣ ਨੇ ਇੱਛਾ ਜ਼ਾਹਰ ਕੀਤੀ ਸੀ। ਯੂਨੀਕ ਹੋਮ ਵੱਲੋਂ ਅਨਾਥ ਬੱਚੀਆਂ ਨੂੰ ਦਿੱਤੇ ਜਾ ਰਹੇ ਸਹਾਰੇ ਅਤੇ ਅਦਾਰੇ ਵੱਲੋਂ ਕਰਵਾਈ ਜਾ ਹੀ ਪੜ੍ਹਾਈ ਅਤੇ ਹੋਰ ਪ੍ਰਬੰਧਾਂ ਤੋਂ ਪ੍ਰਭਾਵਤ ਹੋ ਕੇ ਸ੍ਰੀ ਸੱਜਣ ਨੇ ਕਿਹਾ ਕਿ ਉਹ ਇਸ ਬਾਰੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦੱਸਣਗੇ। ਸ੍ਰੀ ਸੱਜਣ ਨੇ ਕਿਹਾ ਕਿ ਹਰ ਕੋਈ ਲੜਕੀਆਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਗੱਲ ਤਾਂ ਕਰਦਾ ਹੈ ਪਰ ਆਪਣੀਆਂ ਧੀਆਂ ਅਤੇ ਭੈਣਾਂ ਨੂੰ ਘਰ ਵਿੱਚੋਂ ਹੀ ਬਰਾਬਰ ਦੇ ਅਧਿਕਾਰ ਦੇਣ ਨਾਲ ਇਸ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਸ੍ਰੀ ਸੱਜਣ ਨੇ ਕਿਹਾ ਕਿ ਸਿੱਖ ਧਰਮ ਵਿੱਚ ਔਰਤ ਨੂੰ ਗੁਰੂ ਸਾਹਿਬਾਨ ਨੇ ਬਰਾਬਰ ਦਾ ਸਤਿਕਾਰ ਦਿੱਤਾ ਹੈ। ਯੂਨੀਕ ਹੋਮ ਵਿਚ ਹਰਜੀਤ ਸਿੰਘ ਸੱਜਣ ਦਾ ਬੱਚੀਆਂ ਨੇ ਗੁਲਾਬ ਦੇ ਫੁੱਲ ਅਤੇ ਹੱਥੀਂ ਬਣਾਏ ਕਾਰਡ ਦੇ ਕੇ ਸਵਾਗਤ ਕੀਤਾ। ਯੂਨੀਕ ਹੋਮ ਵਿਚ ਬਣੇ ਇਕ ਹਾਲ ਵਿਚ ਛੋਟੇ ਬੱਚਿਆਂ ਨੇ ਉਨ੍ਹਾਂ ਸਾਹਮਣੇ ਭਰੂਣ ਹੱਤਿਆ ਨਾਲ ਸਬੰਧਤ ਗੀਤ ਪੇਸ਼ ਕੀਤਾ। ਇਸੇ ਯੂਨੀਕ ਹੋਮ ਦੀ ਛਤਰ ਛਾਇਆ ਹੇਠ ਰਹਿ ਕੇ ਐਮ.ਏ. ਤੱਕ ਦੀ ਵਿੱਦਿਆ ਹਾਸਲ ਕਰਨ ਵਾਲੀ ਲੂਈਜ਼ੀ ਨੇ ਜਦੋਂ ਰੱਖਿਆ ਮੰਤਰੀ ਦਾ ਸਵਾਗਤ ਅੰਗਰੇਜ਼ੀ ਜ਼ੁਬਾਨ ਵਿੱਚ ਕੀਤਾ ਤਾਂ ਉਹ ਦੰਗ ਰਹਿ ਗਏ। ਉਨ੍ਹਾਂ ਲੂਈਜ਼ੀ ਨੂੰ ਕੈਨੇਡਾ ਸਰਕਾਰ ਵੱਲੋਂ ਇੱਕ ਅਜਿਹਾ ਮੈਡਲ ਦੇ ਕੇ ਸਨਮਾਨਿਤ ਕੀਤਾ, ਜਿਸ ਨੂੰ ਦਿਖਾ ਕੇ ਉਹ ਕਦੇ ਵੀ ਕੈਨੇਡਾ ਜਾ ਸਕਦੀ ਹੈ। ਉਨ੍ਹਾਂ ਯੂਨੀਕ ਹੋਮ ਚਲਾ ਰਹੀ ਬੀਬੀ ਪ੍ਰਕਾਸ਼ ਕੌਰ ਨੂੰ ਵੀ ਸਰਕਾਰ ਵੱਲੋਂ ਪ੍ਰਸ਼ੰਸਾ ਪੱਤਰ ਦਿੱਤਾ। ਇਸ ਮੌਕੇ ਸਰਕਾਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਤੇ ਪੁਲੀਸ ਅਧਿਕਾਰੀ ਹਾਜ਼ਰ ਸਨ।