ਬਾਦਲਾਂ ਦੀਆਂ ਬੱਸਾਂ ਨੂੰ ਟੱਕਰ ਦੇਣ ਵਾਲੀ ‘ਹਰਮਿਸ’ ਨੂੰ ਹਾਲੇ ਵੀ ਸੜਕਾਂ ‘ਤੇ ਚੜ੍ਹਨਾ ਨਸੀਬ ਨਾ ਹੋਇਆ

ਬਾਦਲਾਂ ਦੀਆਂ ਬੱਸਾਂ ਨੂੰ ਟੱਕਰ ਦੇਣ ਵਾਲੀ ‘ਹਰਮਿਸ’ ਨੂੰ ਹਾਲੇ ਵੀ ਸੜਕਾਂ ‘ਤੇ ਚੜ੍ਹਨਾ ਨਸੀਬ ਨਾ ਹੋਇਆ

ਜਲੰਧਰ/ਬਿਊਰੋ ਨਿਊਜ਼ :
ਬਾਦਲਾਂ ਦੀ ਮਾਲਕੀ ਵਾਲੀ ਦਿੱਲੀ ਏਅਰਪੋਰਟ ਜਾਣ ਵਾਲੀ ‘ਇੰਡੋ-ਕੈਨੇਡੀਅਨ’ ਬੱਸਾਂ ਨੂੰ ਟੱਕਰ ਦੇਣ ਵਾਲੀ ‘ਹਰਮਿਸ ਇੰਟਰਨੈਸ਼ਨਲ’ ਟਰਾਂਸਪੋਰਟ ਦੀਆਂ ਲਗਜ਼ਰੀ ਬੱਸਾਂ ਨੂੰ ਬਾਦਲ ਰਾਜ ਜਾਣ ਤੋਂ ਬਾਅਦ ਵੀ ਸੜਕ ‘ਤੇ ਚੜ੍ਹਨਾ ਨਸੀਬ ਨਹੀਂ ਹੋਇਆ ਹੈ। ਦੂਜੇ ਪਾਸੇ, ਇੰਡੋ-ਕੈਨੇਡੀਅਨ ਬੱਸਾਂ ਦੀ ਚੜ੍ਹਤ ਬਰਕਰਾਰ ਹੈ ਅਤੇ ਬਾਦਲਾਂ ਦੀਆਂ ਇਨ੍ਹਾਂ ਲਗਜ਼ਰੀ ਬੱਸਾਂ ਦੀ ਰਾਖੀ ਲਈ ਪੁਲੀਸ ਦਾ ਠੀਕਰੀ ਪਹਿਰਾ 24 ਘੰਟੇ ਲੱਗਾ ਰਹਿੰਦਾ ਹੈ। ਬਾਦਲਾਂ ਨੂੰ ਟੱਕਰ ਦੇਣ ਲਈ ਮੈਦਾਨ ਵਿਚ ਆਈ ਹਰਮਿਸ ਇੰਟਰਨੈਸ਼ਨਲ ਬੱਸ ਕੰਪਨੀ ਨੇ ਵੀ ਜਲੰਧਰ ਤੋਂ ਦਿੱਲੀ ਏਅਰਪੋਰਟ ਨੂੰ ਲਗਜ਼ਰੀ ਬੱਸਾਂ ਦੀ ਸੇਵਾ ਸ਼ੁਰੂ ਕੀਤੀ ਸੀ ਜਿਸ ਦਾ ਕਿਰਾਇਆ ਬਾਦਲਾਂ ਦੀਆਂ ਬੱਸਾਂ ਨਾਲੋਂ ਕਾਫ਼ੀ ਘੱਟ ਸੀ। ਹੁਣ ਜਦੋਂ ਕੈਪਟਨ ਸਰਕਾਰ ਬਣੀ ਨੂੰ ਇੱਕ ਮਹੀਨੇ ਦਾ ਸਮਾਂ ਬੀਤ ਗਿਆ ਹੈ ਤਾਂ ਇਸ ਦੇ ਬਾਵਜੂਦ ਬਾਦਲਾਂ ਨੂੰ ਟੱਕਰ ਦੇਣ ਵਾਲੀ ਬੱਸ ਅਜੇ ਵੀ ਚੱਲ ਨਹੀਂ ਸਕੀ ਹੈ ਕਿਉਂਕਿ ਉਸ ਦੇ ਮਾਲਕ ਨੂੰ ਧੁੜਕੂ ਲੱਗਾ ਹੋਇਆ ਹੈ ਕਿ ਪਹਿਲਾਂ ਵਾਂਗ ਹੀ ਸਰਕਾਰੀ ਜਬਰ ਮੁੜ ਉਸ ਦੀਆਂ ਬੱਸਾਂ ‘ਤੇ ਹਾਵੀ ਨਾ ਹੋ ਜਾਵੇ।
ਇਸ ਬਾਰੇ ਹਰਮਿਸ ਇੰਟਰਨੈਸ਼ਨਲ ਦੇ ਮਾਲਕ ਅਨੰਦ ਮੋਦਗਿੱਲ ਨੇ ਦੱਸਿਆ ਕਿ ਸੱਤਾ ਤਬਦੀਲੀ ਤੋਂ ਬਾਅਦ ਉਹ ਬੱਸ ਸੇਵਾ ਨੂੰ ਮੁੜ ਸ਼ੁਰੂ ਕਰਨਾ ਚਾਹੁੰਦੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਸਹਿਯੋਗ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਕਈ ਕਾਂਗਰਸੀ ਆਗੂਆਂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਟਰਾਂਸਪੋਰਟ ਮਾਫ਼ੀਆ ਨੂੰ ਖਤਮ ਕੀਤਾ ਜਾਵੇਗਾ ਪਰ ਫਿਲਹਾਲ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਕੋਲੋਂ ਆਰਥਿਕ ਮਦਦ ਨਹੀਂ ਚਾਹੀਦੀ ਬਲਕਿ ਸਿਰਫ਼ ਗਾਰੰਟੀ ਚਾਹੀਦੀ ਹੈ ਕਿ ਪਹਿਲਾ ਵਾਂਗ ਧੱਕੇ ਨਾਲ ਉਨ੍ਹਾਂ ਦੀਆਂ ਬੱਸ ਨੂੰ ਬੰਦ ਨਹੀਂ ਕਰਵਾਇਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਦੁਬਾਰਾ ਬੱਸ ਸਰਵਿਸ ਸ਼ੁਰੂ ਕਰਨ ਵਿਚ ਸਫ਼ਲ ਹੁੰਦੇ ਹਨ ਤਾਂ ਜਿੱਥੇ ਸੈਂਕੜੇ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆਂ ਕਰਵਾ ਸਕਦੇ ਹਨ, ਉੱਥੇ ਹੀ ਸਰਕਾਰੀ ਖਜ਼ਾਨੇ ਵਿਚ ਚੋਖਾ ਟੈਕਸ ਵੀ ਭਰਨਗੇ। ਉੁਨ੍ਹਾਂ ਕਿਹਾ ਕਿ ਨਵੰਬਰ 2016 ਵਿਚ ਉਨ੍ਹਾਂ ਨੇ ਕਰਜ਼ੇ ‘ਤੇ ਲੈ ਕੇ ਇਸ ਬੱਸ ਸਰਵਿਸ ਦੀ ਸ਼ੁਰੂਆਤ ਕੀਤੀ ਸੀ ਪਰ ਬੱਸਾਂ ਨਾਲ ਚੱਲਣ ਕਾਰਨ ਉਹ ਆਰਥਿਕ ਸੰਕਟ ਵਿਚ ਹਨ।
ਜ਼ਿਕਰਯੋਗ ਹੈ ਕਿ ਸ੍ਰੀ ਮੋਦਗਿੱਲ ਨੇ ਦਿੱਲੀ ਪੁਲੀਸ ‘ਤੇ ਵੀ ਧੱਕੇਸ਼ਾਹੀ ਨਾਲ ਬੱਸਾਂ ਥਾਣੇ ਡੱਕੀਂ ਰੱਖਣ ਦੇ ਦੋਸ਼ ਲਾਏ ਸਨ। ਦਸੰਬਰ ਵਿਚ ਪੰਜਾਬ ਟਰਾਂਸਪੋਰਟ ਵਿਭਾਗ ਨੇ ਹਰਮਿਸ ਇੰਟਰਨੈਸ਼ਨਲ ਦੇ ਪਰਮਿਟ ਵੀ ਰੱਦ ਕਰ ਦਿੱਤੇ ਸਨ ਜੋ ਕਿ ਬਾਅਦ ਵਿਚ ਹਾਈ ਕੋਰਟ ਨੇ ਬਹਾਲ ਕੀਤੇ ਸਨ। ਇਸ ਤੋਂ ਇਲਾਵਾ ਇੰਡੋ-ਕੈਨੇਡੀਅਨ ਸਟਾਫ਼ ‘ਤੇ ਸ੍ਰੀ ਮੋਦਗਿੱਲ ਨੇ ਉਨ੍ਹਾਂ ਦੇ ਸਟਾਫ਼ ਦੀ ਕੁੱਟਮਾਰ ਅਤੇ ਬੱਸ ਦੀ ਭੰਨਤੋੜ ਕਰਨ ਦੇ ਵੀ ਦੋਸ਼ ਲਾਏ ਸਨ।