ਅਕਾਲੀ-ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਜਿੱਤੀ

ਅਕਾਲੀ-ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਜਿੱਤੀ

ਆਮ ਆਦਮੀ ਪਾਰਟੀ ਤੀਜੇ ਨੰਬਰ ‘ਤੇ
ਨਵੀਂ ਦਿੱਲੀ/ਬਿਊਰੋ ਨਿਊਜ਼ :
ਅਕਾਲੀ-ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੀ ਰਾਜੌਰੀ ਗਾਰਡਨ ਸੀਟ ‘ਤੇ ਜ਼ਿਮਨੀ ਚੋਣ ਜਿੱਤ ਲਈ ਹੈ। ਉਨ੍ਹਾਂ ਨੇ ਕੁੱਲ 14,625 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਸ ਸੀਟ ਤੋਂ ਕਾਂਗਰਸ ਦੂਸਰੇ ਤੇ ਸੱਤਾ ਧਿਰ ਆਮ ਆਦਮੀ ਪਾਰਟੀ ਤੀਸਰੇ ਨੰਬਰ ‘ਤੇ ਚਲੀ ਗਈ ਹੈ। ਆਮ ਆਦਮੀ ਪਾਰਟੀ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਕਿਉਂਕਿ 23 ਅਪ੍ਰੈਲ ਨੂੰ ਦਿੱਲੀ ਵਿਚ ਮਿਊਂਸੀਪਲ ਕਮੇਟੀ ਚੋਣਾਂ ਹੋਣ ਜਾ ਰਹੀਆਂ ਹਨ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਇਸ ਸੀਟ ‘ਤੇ  ਲੜਾਈ ਵਿਚ ਹੀ ਨਹੀਂ ਸੀ। ਸਿਰਸਾ ਦਾ ਮੁਕਾਬਲਾ ਕਾਂਗਰਸ ਨਾਲ ਸੀ। ਇਹ ਸੀਟ ਸਾਬਕਾ ਵਿਧਾਇਕ ਜਰਨੈਲ ਸਿੰਘ ਵੱਲੋਂ ਪੰਜਾਬ ਤੋਂ ਚੋਣ ਲੜਣ ਸਮੇਂ ਵਿਹਲੀ ਹੋਈ ਸੀ। ਜਰਨੈਲ ਸਿੰਘ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਲੰਬੀ ਸੀਟ ਤੋਂ ਚੋਣ ਲੜੇ ਸਨ ਤੇ ਬੁਰੀ ਤਰ੍ਹਾਂ ਹਾਰ ਗਏ ਸਨ। ਪੰਜਾਬ ਚੋਣਾਂ ਤੋਂ ਬਾਅਦ ਦਿੱਲੀ ਦੀ ਜ਼ਿਮਨੀ ਚੋਣ ਲਈ ਸਾਰੀਆਂ ਪਾਰਟੀਆਂ ਡਟੀਆਂ ਹੋਈਆਂ ਸਨ ਪਰ ਸ਼ਾਇਦ ਯੂ.ਪੀ. ਚੋਣਾਂ ਦਾ ਅਸਰ ਹੈ ਕਿ ਦਿੱਲੀ ਤੇ ਕਈ ਹੋਰ ਵਿਧਾਨ ਸਭਾਵਾਂ ‘ਤੇ ਭਾਜਪਾ ਦੀ ਜਿੱਤ ਹੋਈ ਹੈ। ਮੰਨਿਆ ਜਾ ਰਿਹੈ ਕਿ ਯੂ ਪੀ ਚੋਣਾਂ ਦੀ ਜਿੱਤ ਦਾ ਅਸਰ ਇਨ੍ਹਾਂ ਚੋਣਾਂ ‘ਤੇ ਵੀ ਹੈ। ਮੋਦੀ ਦੇ ਸਿਰ ‘ਤੇ ਹੀ ਭਾਜਪਾ ਨੇ ਇਹ ਚੋਣ ਜਿੱਤੀ ਹੈ। ਕਾਂਗਰਸ ਲਈ ਮੋਦੀ ਵੱਡੀ ਚੁਣੌਤੀ ਬਣ ਰਹੇ ਹਨ ਕਿਉਂਕਿ ਕਾਂਗਰਸ ਨੂੰ ਪੰਜਾਬ ਛੱਡ ਕੇ ਹਰ ਥਾਂ ਵੱਡੀ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਹੈ।