ਕਪੂਰਥਲਾ ਜੇਲ੍ਹ ਵਿਚ ਗੈਂਗਸਟਰ ਭਿੜੇ; ਪੰਜ ਹਵਾਲਾਤੀ ਜ਼ਖ਼ਮੀ

ਕਪੂਰਥਲਾ ਜੇਲ੍ਹ ਵਿਚ ਗੈਂਗਸਟਰ ਭਿੜੇ; ਪੰਜ ਹਵਾਲਾਤੀ ਜ਼ਖ਼ਮੀ

ਕੈਪਸ਼ਨ-ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਵਾਲਾਤੀ
ਕਪੂਰਥਲਾ/ਬਿਊਰੋ ਨਿਊਜ਼ :
ਇੱਥੇ ਮਾਡਰਨ ਜੇਲ੍ਹ ਵਿੱਚ ਇਕ ਮਹੀਨੇ ਵਿੱਚ ਵਾਪਰੀ ਗੈਂਗਵਾਰ ਦੀ ਤੀਜੀ ਘਟਨਾ ਵਿੱਚ ਪੰਜ ਹਵਾਲਾਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਤਿੰਨ ਦੀ ਗੰਭੀਰ ਹਾਲਤ ਵੇਖਦਿਆਂ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਰੈਫਰ ਕੀਤਾ ਗਿਆ, ਜਦੋਂ ਕਿ ਦੋ ਹਵਾਲਾਤੀ ਜੇਲ੍ਹ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਦੱਸੇ ਜਾਂਦੇ ਹਨ। ਕਰੀਬ 15 ਦਿਨ ਪਹਿਲਾਂ ਵੀ ਜੇਲ੍ਹ ਵਿੱਚ ਕੁੱਟਮਾਰ ਦੀਆਂ ਦੋ ਘਟਨਾਵਾਂ ਵਾਪਰੀਆਂ ਸਨ, ਜਿਸ ਵਿੱਚ ਹਵਾਲਾਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਸਨ।
ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਕਮਲਜੀਤ ਸਿੰਘ ਅਤੇ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਲ ਕੁਲਵਿੰਦਰ ਸਿੰਘ, ਰੌਕੀ ਅਤੇ ਨੇਕੀ ਦਵਾਈ ਲੈ ਕੇ ਹਸਪਤਾਲ ਤੋਂ ਵਾਪਸ ਬੈਰਕਾਂ ਵੱਲ ਜਾ ਰਹੇ ਸਨ। ਇਸ ਦੌਰਾਨ ਜੇਲ੍ਹ ਵਿੱਚ ਬੰਦ ਗੋਗਾ, ਸ਼ੇਖਰ, ਆਰਜੂ, ਦੀਪੂ ਤੇ ਘੁੱਗੀ ਨੇ ਆਪਣੇ 25-30 ਸਾਥੀਆਂ ਸਮੇਤ ਉਨ੍ਹਾਂ ਉਪਰ ਰਾਡਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਫੱਟੜ ਹੋ ਗਏ। ਜ਼ਖ਼ਮੀ ਹਵਾਲਾਤੀਆਂ ਨੇ ਜੇਲ੍ਹ ਅਧਿਕਾਰੀਆਂ ਉੱਤੇ ਕਥਿਤ ਤੌਰ ‘ਤੇ ਪੈਸੇ ਲੈ ਕੇ ਗੈਂਗਸਟਰਾਂ ਨੂੰ ਸਹੂਲਤਾਂ ਦੇਣ ਤੇ ਬੈਰਕਾਂ ਵਿਚੋਂ ਬਾਹਰ ਕੱਢਣ ਦੇ ਦੋਸ਼ ਲਾਏ। ਉਨ੍ਹਾਂ ਦੱਸਿਆ ਕਿ ਇਹ ਘਟਨਾਵਾਂ ਕਥਿਤ ਤੌਰ ‘ਤੇ ਅਫ਼ਸਰਾਂ ਦੀ ਮਿਲੀਭੁਗਤ ਨਾਲ ਵਾਪਰ ਰਹੀਆਂ ਹਨ। ਜੇ ਬਾਹਰ ਆ ਕੇ ਕੋਈ ਹਵਾਲਾਤੀ ਇਸ ਦਾ ਜ਼ਿਕਰ ਕਰਦਾ ਹੈ ਤਾਂ ਉਸ ਨੂੰ ਵਾਪਸ ਜੇਲ੍ਹ ਜਾਣ ਮਗਰੋਂ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਇਸ ਬਾਰੇ ਜਦੋਂ ਜੇਲ੍ਹ ਸੁਪਰਡੈਂਟ ਕੁਲਵਿੰਦਰ ਸਿੰਘ ਥਿਆੜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਛੁੱਟੀ ਉਤੇ ਹਨ ਪਰ ਜੇਲ੍ਹ ਵਿੱਚ ਵਾਪਰੀ ਘਟਨਾ ਸਬੰਧੀ ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹਵਾਲਾਤੀਆਂ ਵੱਲੋਂ ਜੇਲ੍ਹ ਅਧਿਕਾਰੀਆਂ ‘ਤੇ ਪੈਸੇ ਲੈਣ ਦੇ ਲਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਆਪਣੀ ਡਿਊਟੀ ਸਮੇਂ ਜੇਲ੍ਹ ਦਾ ਇਕ ਚੱਕਰ ਲਾਉਂਦੇ ਹਨ ਪਰ ਕਿਸੇ ਹਵਾਲਾਤੀ ਨੇ ਕਿਸੇ ਅਫ਼ਸਰ ਸਬੰਧੀ ਕਦੇ ਵੀ ਅਜਿਹੀ ਸ਼ਿਕਾਇਤ ਨਹੀਂ ਕੀਤੀ। ਇਹ ਸਭ ਝੁਠੇ ਦੋਸ਼ ਲਾ ਕੇ ਜੇਲ੍ਹ ਅਧਿਕਾਰੀਆਂ ਨੂੰ ਬਦਨਾਮ ਕਰਨਾ ਚਾਹੁੰਦੇ ਹਨ।

ਫ਼ਰੀਦਕੋਟ ਦੇ ਤਿੰਨ ਗੈਂਗਸਟਰ ਹਥਿਆਰਾਂ ਸਮੇਤ ਕਾਬੂ
ਫ਼ਰੀਦਕੋਟ : ਜ਼ਿਲ੍ਹਾ ਪੁਲੀਸ ਫ਼ਰੀਦਕੋਟ ਨੇ ਜ਼ਿਲ੍ਹੇ ਦੇ ਤਿੰਨ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਸਟਾਫ਼ ਫ਼ਰੀਦਕੋਟ ਨੇ ਸੂਚਨਾ ਦੇ ਆਧਾਰ ‘ਤੇ ਛਾਪਾ ਮਾਰ ਕੇ ਗੁਰਜਿੰਦਰ ਦਿਓੜਾ ਉਰਫ਼ ਲਵੀ ਦਿਓੜਾ ਵਾਸੀ ਕੋਟਕਪੂਰਾ, ਰਵੇਲ ਸਿੰਘ ਵਾਸੀ ਵਾੜਾ ਦਰਾਕਾ ਅਤੇ ਸੰਦੀਪ ਸਿੰਘ ਉਰਫ਼ ਮਨੀ ਵਾਸੀ ਬਰਗਾੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਲਵੀ ਦਿਓੜਾ ਤੇ ਰਵੇਲ  ਸਿੰਘ ਪਾਸੋਂ ਦੋ ਪਿਸਤੌਲ 32 ਬੋਰ ਦੇਸੀ ਅਤੇ 7 ਕਾਰਤੂਸ ਬਰਾਮਦ ਹੋਏ ਹਨ। ਸੰਦੀਪ ਸਿੰਘ ਪਾਸੋਂ ਨਾਜਾਇਜ਼ ਪਿਸਤੌਲ ਬਰਾਮਦ ਹੋਇਆ। ਐੱਸਪੀ ਗੁਰਦੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਖ਼ਿਲਾਫ਼ ਤਿੰਨ ਵੱਖ ਵੱਖ ਕੇਸ ਦਰਜ ਕੀਤੇ ਗਏ ਹਨ। ਗੁਰਜਿੰਦਰ ਦਿਓੜਾ ਖ਼ਿਲਾਫ਼ ਫ਼ਰੀਦਕੋਟ ਜ਼ਿਲ੍ਹੇ ਵਿੱਚ ਪੰਜ ਕੇਸ ਦਰਜ ਹਨ, ਜਦੋਂ ਕਿ ਰਵੇਲ ਸਿੰਘ ਖ਼ਿਲਾਫ਼ ਸੱਤ ਅਤੇ ਸੰਦੀਪ ਸਿੰਘ ਖ਼ਿਲਾਫ਼ ਕੁੱਲ ਚਾਰ ਕੇਸ ਦਰਜ ਹਨ। ਐੱਸਪੀ ਨੇ ਦੱਸਿਆ ਕਿ ਫੜੇ ਨੌਜਵਾਨਾਂ ਨੂੰ ਇਲਾਕਾ ਮੈਜਿਸਟਰੇਟ ਕੋਲ ਪੇਸ਼ ਕਰ ਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।