ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਲਈ ਉਤਰਾਖੰਡ ਸਰਕਾਰ ਵਲੋਂ ਭਰੋਸਾ

ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਲਈ ਉਤਰਾਖੰਡ ਸਰਕਾਰ ਵਲੋਂ ਭਰੋਸਾ

ਕੈਪਸ਼ਨ-ਉਤਰਾਖੰਡ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਦੇ ਹੋਏ ਸਿੱਖ ਵਫ਼ਦ ਦੇ ਮੈਂਬਰ। 
ਅੰਮ੍ਰਿਤਸਰ/ਬਿਊਰੋ ਨਿਊਜ਼ :
ਹਰਿਦੁਆਰ ਵਿੱਚ ਹਰਿ ਕੀ ਪਉੜੀ ਵਿਖੇ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਨੂੰ ਲੈ ਕੇ ਸਿੱਖ ਵਫ਼ਦ ਨੇ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰਾ ਸਿੰਘ ਰਾਵਤ ਨਾਲ ਮੁਲਾਕਾਤ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਹਰਿ ਕੀ ਪਉੜੀ ਵਿਖੇ ਯਾਦਗਾਰ ਵਜੋਂ ਅਤੇ ਗੁਰਦੁਆਰੇ ਦੀ ਉਸਾਰੀ ਲਈ ਢੁਕਵੀਂ ਥਾਂ ਦੇਣ ਦੀ ਮੰਗ ਰੱਖੀ ਹੈ। ਮੁੱਖ ਮੰਤਰੀ ਨੇ ਸਿੱਖ ਵਫ਼ਦ ਨੂੰ ਹਾਂ-ਪੱਖੀ ਹੁੰਗਾਰਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਸਿੱਖ ਵਫ਼ਦ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਹਰਚਰਨ ਸਿੰਘ ਤੇ ਵਧੀਕ ਸਕੱਤਰ ਹਰਭਜਨ ਸਿੰਘ ਮਨਾਵਾਂ ਸ਼ਾਮਲ ਸਨ।
ਇਸ ਵਫ਼ਦ ਨੇ ਉਤਰਾਖੰਡ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਮਗਰੋਂ ਇਸ ਸਬੰਧੀ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸੌਂਪ ਦਿੱਤੀ ਹੈ। ਸਿੱਖ ਵਫ਼ਦ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਰਾਵਤ ਨੂੰ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਉਸਾਰੀ ਲਈ ਸੰਜੀਦਾ ਯਤਨ ਕਰਨ ਲਈ ਕਿਹਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਵਿੱਚ ਵਿਕਾਸ ਦੇ ਨਾਂ ‘ਤੇ ਇਸ ਗੁਰਦੁਆਰੇ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਸੀ। ਸਿੱਖ ਸੰਗਤ ਵੱੱਲੋਂ ਗੁਰਦੁਆਰੇ ਦੀ ਤੁਰੰਤ ਸਥਾਪਨਾ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ ਹੈ ਤੇ ਮੁੱਖ ਮੰਤਰੀ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਗੁਰਦੁਆਰੇ ਦੀ ਮੁੜ ਉਸਾਰੀ ਲਈ ਜਗ੍ਹਾ ਦੇਣ ਦਾ ਭਰੋਸਾ ਦਿੱਤਾ ਹੈ। ਦੱਸਣਯੋਗ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਹਰਿ ਕੀ ਪੌੜੀ ਵਿਖੇ ਸਥਿਤ ਸੀ, ਜਿਸ ਨੂੰ ਬੀਤੇ ਸਮੇਂ ਵਿੱਚ ਵਿਕਾਸ ਦੇ ਨਾਮ ‘ਤੇ ਸਰਕਾਰ ਵੱਲੋਂ ਢਾਹ ਦਿੱਤਾ ਗਿਆ ਸੀ। ਇਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ। ਸਮੇਂ-ਸਮੇਂ ‘ਤੇ ਗੁਰਦੁਆਰੇ ਦੀ ਮੁੜ ਸਥਾਪਨਾ ਲਈ ਸ਼੍ਰੋਮਣੀ ਕਮੇਟੀ ਤੇ ਸੰਗਤ ਵੱਲੋਂ ਜਗ੍ਹਾ ਦੇਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਬੇਸ਼ੱਕ 2001 ਵਿੱਚ ਸਰਕਾਰ ਨੇ ਜਗਜੀਤਪੁਰਾ ਵਿੱਚ ਜਗ੍ਹਾ ਦੇਣ ਦੀ ਹਾਮੀ ਭਰੀ ਸੀ ਪਰ ਪ੍ਰਬੰਧਕਾਂ ਤੇ ਸੰਗਤ ਵੱਲੋਂ ਯੋਗ ਜਗ੍ਹਾ ਨਾ ਹੋਣ ਕਾਰਨ ਨਾ-ਮਨਜ਼ੂਰ ਕਰ ਦਿੱਤੀ ਗਈ।
ਉਤਰਾਖੰਡ ਸਰਕਾਰ ਵੱਲੋਂ ਦੁਬਾਰਾ ਫਿਰ ਰਾਣੀਪੁਰ ਮੌੜ ‘ਤੇ ਗੁਰਦੁਆਰੇ ਦੀ ਉਸਾਰੀ ਲਈ ਜਗ੍ਹਾ ਦੀ ਪੇਸ਼ਕਸ਼ ਕੀਤੀ ਗਈ, ਜਿਸ ਲਈ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਸਹਿਮਤੀ ਦਿੱਤੀ ਪਰ ਇਹ ਜਗ੍ਹਾ ਸਰਕਾਰ ਦੇ ਸਿੰਜਾਈ ਵਿਭਾਗ ਕੋਲ ਹੋਣ ਕਰਕੇ ਅਜੇ ਤੱਕ ਨਹੀਂ ਮਿਲ ਸਕੀ। ਹੁਣ ਫਿਰ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਮਸਲੇ ਦੇ ਹੱਲ ਲਈ ਯਤਨ ਵਿੱਢੇ ਹਨ। ਟੀਮ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਆਖਿਆ ਕਿ ਮੁੱਖ ਮੰਤਰੀ ਕੋਲੋਂ ਹਰਿ ਕੀ ਪਉੜੀ ਵਿਖੇ ਵੀ ਯਾਦਗਾਰ ਵਾਸਤੇ ਥਾਂ ਮੰਗੀ ਗਈ ਹੈ ਤਾਂ ਜੋ ਉਥੇ ਯਾਦਗਾਰ ਵਜੋਂ ਨਿਸ਼ਾਨ ਸਾਹਿਬ ਸਥਾਪਤ ਕੀਤਾ ਜਾ ਸਕੇ। ਗੁਰਦੁਆਰੇ ਲਈ ਰਾਣੀਪੁਰ ਮੋੜ ਨੇੜੇ ਜਗ੍ਹਾ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਮੁੱਖ ਮੰਤਰੀ ਵੱਲੋਂ ਛੇਤੀ ਹੀ ਮਾਮਲੇ ਦੀ ਘੋਖ ਕਰਕੇ ਮੀਟਿੰਗ ਸੱਦੀ ਜਾਵੇਗੀ।