ਜੈ ਸਿੰਘ ਗਿੱਲ ਤਨਖਾਹ ਕਮਿਸ਼ਨ ਦੇ ਚੇਅਰਮੈਨ ਬਣੇ

ਜੈ ਸਿੰਘ ਗਿੱਲ ਤਨਖਾਹ ਕਮਿਸ਼ਨ ਦੇ ਚੇਅਰਮੈਨ ਬਣੇ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਨੇ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਲਈ ਸਾਬਕਾ ਮੁੱਖ ਸਕੱਤਰ ਜੈ ਸਿੰੰਘ ਗਿੱਲ ਨੂੰ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪਿਛਲੀ ਬਾਦਲ ਸਰਕਾਰ ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਆਰਐੱਸ ਮਾਨ ਨੂੰ ਤਨਖਾਹ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਸੀ ਪਰ ਸੱਤਾ ਤਬਦੀਲੀ ਤੋਂ ਬਾਅਦ ਸ੍ਰੀ ਮਾਨ ਨੇ ਅਸਤੀਫਾ ਦੇ ਦਿੱਤਾ ਸੀ।
ਸ੍ਰੀ ਗਿੱਲ ਦੇ ਚੇਅਰਮੈਨ ਨਿਯੁਕਤ ਨਾਲ ਤਨਖਾਹ ਕਮਿਸ਼ਨ ਦੀ ਲੰਮੇ ਸਮੇਂ ਤੋਂ ਅਟਕੀ ਪ੍ਰਕਿਰਿਆ ਮੁੜ ਸ਼ੁਰੂ ਹੋਣ ਦੇ ਆਸਾਰ ਬਣ ਗਏ ਹਨ। ਦੱਸਣਯੋਗ ਹੈ ਕਿ ਭਾਰਤ ਸਰਕਾਰ ਨੇ ਆਪਣੇ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੀ ਰਿਪੋਰਟ ਅਗਸਤ 2016 ਤੋਂ ਲਾਗੂ ਕਰ ਦਿੱਤੀ ਹੈ, ਜਦਕਿ ਪੰਜਾਬ ਸਰਕਾਰ ਦਾ ਤਨਖਾਹ ਕਮਿਸ਼ਨ ਸ੍ਰੀ ਗਿੱਲ ਦੀ ਨਿਯੁਕਤੀ ਨਾਲ ਅਜੇ ਸੰਪੂਰਨ ਹੀ ਹੋਇਆ ਹੈ। ਪੰਜਾਬ ਸਕੱਤਰੇਤ ਦੇ ਸੂਤਰਾਂ ਅਨੁਸਾਰ ਭਾਵੇਂ ਸ੍ਰੀ ਗਿੱਲ ਨੂੰ ਤਨਖਾਹ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ ਪਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕਮਿਸ਼ਨ ਦੀ ਰਿਪੋਰਟ ਨੇੜੇ ਭਵਿੱਖ ਵਿਚ ਨਸੀਬ ਹੁੰਦੀ ਨਹੀਂ ਜਾਪਦੀ ਕਿਉਂਕਿ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਲਈ ਚੇਅਰਮੈਨ ਨੂੰ ਕਈ ਤਰ੍ਹਾਂ ਦੀ ਪ੍ਰਕਿਰਿਆ ਵਿੱਚੋਂ ਨਿਕਲਣਾ ਪਵੇਗਾ।
ਕਮਿਸ਼ਨ ਸੂਬੇ ਦੀ ਵਿੱਤੀ ਹਾਲਤ ਨੂੰ ਮੁੱਖ ਰੱਖ ਕੇ ਹੀ ਤਨਖਾਹਾਂ ਅਤੇ ਪੈਨਸ਼ਨਾਂ ਵਿਚ ਸੋਧ ਕਰੇਗਾ, ਜਿਸ ਕਾਰਨ ਤਨਖਾਹ ਕਮਿਸ਼ਨ ਦੇ ਚੇਅਰਮੈਨ ਦੇ ਮੈਂਬਰਾਂ ਨੂੰ ਇਸ ਪੱਖ ਨੂੰ ਵੀ ਸਾਹਮਣੇ ਰੱਖ ਕੇ ਫ਼ੈਸਲੇ ਲੈਣੇ ਪੈਣਗੇ। ਤਨਖਾਹ ਕਮਿਸ਼ਨ ਵੱਲੋਂ ਭਾਰਤ ਸਰਕਾਰ ਦੇ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੀ ਰਿਪੋਰਟ ਦੀ ਘੋਖ ਕਰਨ ਲਈ ਵੀ ਲੰਮਾ ਸਮਾਂ ਚਾਹੀਦਾ ਹੈ। ਉਧਰ ਮੁਲਾਜ਼ਮ ਜਥੇਬੰਦੀਆਂ ਨੇ ਤਨਖਾਹ ਕਮਿਸ਼ਨ ਨੂੰ ਦੇਣ ਲਈ ਆਪੋ-ਆਪਣੇ ਮੈਮੋਰੰਡਮ ਬਣਾਉਣ ਦੀਆਂ ਤਿਆਰੀਆਂ ਕੱਸ ਲਈਆਂ ਹਨ।