ਪੰਜਾਬ ਵਿੱਚ ਗੜਿਆਂ ਅਤੇ ਤੇਜ਼ ਹਵਾਵਾਂ ਨੇ ਕੀਤਾ ਫ਼ਸਲਾਂ ਦਾ ਨੁਕਸਾਨ

ਪੰਜਾਬ ਵਿੱਚ ਗੜਿਆਂ ਅਤੇ ਤੇਜ਼ ਹਵਾਵਾਂ ਨੇ ਕੀਤਾ ਫ਼ਸਲਾਂ ਦਾ ਨੁਕਸਾਨ

ਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਭਰ ਵਿੱਚ ਚੱਲੀਆਂ ਤੇਜ਼ ਹਵਾਵਾਂ, ਕਈ ਥਾਵਾਂ ਉੱਤੇ ਹੋਈ ਹਲਕੀ ਬਰਸਾਤ ਤੇ ਗੜਿਆਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਗੜਿਆਂ ਅਤੇ ਹਵਾਵਾਂ ਕਾਰਨ ਜਲੰਧਰ, ਸੰਗਰੂਰ ਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਦੇ ਕੁੱਝ ਪਿੰਡਾਂ ਵਿੱਚ ਫ਼ਸਲਾਂ ਨੂੰ ਨੁਕਸਾਨ ਹੋਣ ਦਾ ਅਨੁਮਾਨ ਹੈ। ਮੌਸਮ ਵਿਭਾਗ ਅਨੁਸਾਰ ਬਰਸਾਤ ਤਾਂ ਔਸਤ .7 ਮਿਲੀਮੀਟਰ ਹੀ ਹੋਈ ਹੈ ਪਰ ਗੜਿਆਂ ਅਤੇ ਤੇਜ਼ ਹਵਾਵਾਂ ਨੁਕਸਾਨਦਾਇਕ ਹੋ ਸਕਦੀਆਂ ਹਨ। ਜਲੰਧਰ ਤੋਂ ਪ੍ਰਾਪਤ ਸੂਚਨਾ ਦੇ ਅਨੁਸਾਰ ਸਾਮ ਨੂੰ ਜਲੰਧਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪੰਜ ਤੋਂ ਦਸ ਮਿੰਟ ਤੱਕ ਗੜੇਮਾਰੀ ਹੋਣ ਨਾਲ ਫ਼ਸਲਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਨਕੋਦਰ, ਸ਼ਾਹਕੋਟ, ਲੋਹੀਆਂ, ਮਹਿਤਪੁਰ, ਲਾਂਬੜਾ, ਫਗਵਾੜਾ ਤੇ ਨੂਰ ਮਹਿਲ ਆਦਿ ਇਲਾਕਿਆਂ ਵਿੱਚ ਇਸ ਦਾ ਅਸਰ ਪਿਆ ਹੈ। ਪਟਿਆਲਾ ਜ਼ਿਲ੍ਹੇ ਦੇ ਸਮਾਣਾ ਇਲਾਕੇ ਪਿੰਡ ਮਿਆਲਕਲਾਂ, ਖੁਰਦ, ਕੁਤਬਨਪੁਰ, ਚੁਪਕੀ, ਚੌਹਠ ਖੇੜੀ, ਮਨੁਸ਼ੀਵਾਲਾ ਸਮੇਤ ਦਰਜਨਾਂ ਪਿੰਡਾਂ ਵਿੱਚ ਗੜਿਆਂ ਅਤੇ ਤੇਜ਼ ਹਵਾਵਾਂ ਕਾਰਨ ਫ਼ਸਲਾਂ ਨੂੰ ਨੁਕਸਾਨ ਹੋਇਆ ਹੈ। ਤਹਿਸੀਲਦਾਰ ਨੇ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਟਵਾਰੀਆਂ ਦੀ ਜ਼ਿੰਮੇਵਾਰੀ ਵੀ ਲਗਾਈ ਹੈ।
ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਇਲਾਕੇ ਨਾਲ ਸਬੰਧਤ ਪਿੰਡਾਂ ਵਿੱਚ ਤੇਜ਼ ਹਵਾਵਾਂ ਅਤੇ ਗੜਿਆਂ ਕਾਰਨ ਪੱਕੀ ਹੋਈ ਕਣਕ ਵਿਛ ਗਈ ਹੈ। ਕਿਸਾਨ ਕਣਕ ਦੀ ਵਾਢੀ ਕਰਨ ਲਈ ਤਿਆਰ ਹੀ ਸਨ ਕਿ ਮੌਸਮ ਦੀ ਖ਼ਰਾਬੀ ਨੇ ਕਟਾਈ ਦੇ ਕੰਮ ਵਿੱਚ ਵਿਘਨ ਪਾਉਣ ਦੇ ਨਾਲ ਦੀ ਨਾਲ ਨੁਕਸਾਨ ਵੀ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਪਿੰਡ ਭੱਟੀਵਾਲ ਅਤੇ ਰੇਤਗੜ ਅਤੇ ਬਲਿਆਲ ਵਿੱਚ ਗੜਿਆਂ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਦਸ ਤੋਂ 25 ਫ਼ੀਸਦ ਤੱਕ ਨੁਕਸਾਨ ਹੋਇਆ ਹੈ। ਬਠਿੰਡਾ ਨੇੜੇ ਬਰਸਾਤ ਤਾਂ ਨਹੀਂ ਹੋਈ ਪਰ ਕਿਣਮਣ ਕਾਣੀ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਨੂੰ ਡਰਾ ਦਿੱਤਾ ਹੈ। ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਬਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਜੇ ਤੱਕ ਸਥਿਤੀ ਠੀਕ ਹੈ। ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ ਪਰ ਮੌਸਮ ਦਾ ਮਿਜਾਜ਼ ਚਿੰਤਾ ਜ਼ਰੂਰ ਵਧਾ ਰਿਹਾ ਹੈ। ਖੇਤੀ ਵਿਭਾਗ ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਸੰਪਰਕ ਵਿੱਚ ਹੈ।