ਮੁਜ਼ੱਫਰਨਗਰ ਦੰਗਿਆਂ ਦੇ ਕੇਸ ‘ਚ ਮੁਲਜ਼ਮ ਭਾਜਪਾ ਵਿਧਾਇਕ ਸੰਗੀਤ ਸੋਮ ਦੇ ਘਰ ‘ਤੇ ਹਮਲਾ

ਮੁਜ਼ੱਫਰਨਗਰ ਦੰਗਿਆਂ ਦੇ ਕੇਸ ‘ਚ ਮੁਲਜ਼ਮ ਭਾਜਪਾ ਵਿਧਾਇਕ ਸੰਗੀਤ ਸੋਮ ਦੇ ਘਰ ‘ਤੇ ਹਮਲਾ

ਮੇਰਠ/ਬਿਊਰੋ ਨਿਊਜ਼ :
ਭਾਰਤੀ ਜਨਤਾ ਪਾਰਟੀ ਦੇ ਕਥਿਤ ਤੌਰ ਉਤੇ ਮੁਸਲਿਮ ਵਿਰਧੀ ਅਤੇ ਮੁਜ਼ੱਫਰਨਗਰ ਦੰਗਿਆਂ ਦੇ ਕੇਸ ‘ਚ ਮੁਲਜ਼ਮ ਵਿਧਾਇਕ ਸੰਗੀਤ ਸੋਮ ਅਣਪਛਾਤੇ ਹਮਲਾਵਰਾਂ ਦੇ ਨਿਸ਼ਾਨੇ ਉਤੇ ਹਨ। ਉਨ੍ਹਾਂ ਦੀ ਮੇਰਠ ਸਥਿਤ ਰਿਹਾਇਸ਼ ‘ਤੇ ਅੱਧੀ ਰਾਤ ਤੋਂ ਬਾਅਦ ਕਾਰ ਸਵਾਰ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਅਤੇ ਹੱਥ ਗੋਲਾ ਸੁੱਟਿਆ। ਗਰਨੇਡ ਫਟ ਨਾ ਸਕਣ ਕਾਰਨ ਭਾਰੀ ਨੁਕਸਾਨ ਤੋਂ ਬਚਾਅ ਹੋ ਗਿਆ।
ਲਾਲਕੁੜਤੀ ਇਲਾਕੇ ‘ਚ ਰਾਤ ਇਕ ਵਜੇ ਹੋਏ ਹਮਲੇ ਮਗਰੋਂ ਪੰਜ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੇਰਠ ਦੇ ਐਸਐਸਪੀ ਅਖਿਲੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਭਾਜਪਾ ਵਿਧਾਇਕ ਦੀ ਸੁਰੱਖਿਆ ‘ਚ ਤਾਇਨਾਤ ਸਨ ਅਤੇ ਡਿਊਟੀ ‘ਚ ਕੋਤਾਹੀ ਤੇ ਹਮਲਾਵਰਾਂ ਖ਼ਿਲਾਫ਼ ਜਵਾਬੀ ਕਾਰਵਾਈ ਨਾ ਕਰਨ ‘ਤੇ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ। ਮੁਅੱਤਲ ਕੀਤੇ ਗਏ ਪੁਲੀਸ ਮੁਲਾਜ਼ਮਾਂ ‘ਚ ਹੈੱਡ ਕਾਂਸਟੇਬਲ ਸਤਬੀਰ ਸਿੰਘ ਅਤੇ ਸਿਪਾਹੀ ਸਤੇਂਦਰ ਸਿੰਘ, ਸੰਜੀਵ ਭਾਰਤੀ, ਸੁਰਜੀਤ ਸਿੰਘ ਅਤੇ ਮਨੀਸ਼ ਕੁਮਾਰ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਹਮਲਾ ਉਸ ਵੇਲੇ ਹੋਇਆ ਜਦੋਂ ਸੰਗੀਤ ਸੋਮ ਕੁਝ ਸਮੇਂ ਪਹਿਲਾਂ ਹੀ ਰਿਹਾਇਸ਼ ‘ਤੇ ਪਰਤੇ ਸਨ। ਐਸਐਸਪੀ ਨੇ ਕਿਹਾ ਕਿ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਇਹ ਦਹਿਸ਼ਤੀ ਕਾਰਵਾਈ ਨਹੀਂ ਜਾਪਦੀ ਹੈ। ਹਮਲੇ ਬਾਰੇ ਪੁੱਛਣ ‘ਤੇ ਵਿਧਾਇਕ ਸੰਗੀਤ ਸੋਮ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਧਮਕੀ ਵੀ ਨਹੀਂ ਮਿਲੀ ਸੀ ਅਤੇ ਨਾ ਹੀ ਹੁਣ ਕਿਸੇ ਨਾਲ ਕੋਈ ਝਗੜਾ ਹੋਇਆ ਸੀ। ਪੁਲੀਸ ਨੇ ਕਿਹਾ ਕਿ ਇਸ ਹਮਲੇ ‘ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਇਸ ਵਿਧਾਇਕ ‘ਤੇ ਸੰਨ 2013 ਦੇ ਮੁਜ਼ੱਫਰਨਗਰ ਦੰਗਿਆ ‘ਚ ਹਿੰਸਾ ਭੜਕਾਉਣ ਦਾ ਦੋਸ਼ ਲੱਗਿਆ ਸੀ।