ਭਾਜਪਾ ਦੇ ਹੀ ਸਾਬਕਾ ਮੰਤਰੀ ਨੇ ਮੋਦੀ ਤੋਂ ਆਜ਼ਾਦ ਮੀਡੀਆ ਨੂੰ ਖਤਰਾ ਦੱਸਿਆ

ਭਾਜਪਾ ਦੇ ਹੀ ਸਾਬਕਾ ਮੰਤਰੀ ਨੇ ਮੋਦੀ ਤੋਂ ਆਜ਼ਾਦ ਮੀਡੀਆ ਨੂੰ ਖਤਰਾ ਦੱਸਿਆ

ਚੰਡੀਗੜ੍ਹ/ਬਿਊਰੋ ਨਿਊਜ਼ :
ਭਾਰਤੀ ਜਨਤਾ ਪਾਰਟੀ ਦੀ ਅਟੱਲ ਬਿਹਾਰੀ ਵਾਜਪਈ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਰਹੇ ਉਘੇ ਪੱਤਰਕਾਰ ਅਰੁਣ ਸ਼ੋਰੀ ਨੇ ਕਿਹਾ ਕਿ ਜੇ ਭਾਜਪਾ ਸੰਨ 2019 ਦੀਆਂ ਲੋਕ ਸਭਾ ਚੋਣਾਂ ‘ਚ ਮੁੜ ਸੱਤਾ ਵਿਚ ਆ ਗਈ ਤਾਂ ਪੱਤਰਕਾਰਾਂ ਲਈ ਹਾਲਾਤ ਐਮਰਜੈਂਸੀ ਨਾਲੋਂ ਵੀ ਮਾੜੇ ਹੋ ਜਾਣਗੇ। ਇਥੇ ਪ੍ਰੈਸ ਕਲੱਬ ‘ਚ ਉਨ੍ਹਾਂ ਕਿਹਾ ਕਿ ਸਾਡੇ ਕੋਲ ਆਜ਼ਾਦੀ ਦੇ ਕੁਝ ਮਹੀਨੇ ਰਹਿ ਗਏ ਹਨ ਤੇ ਸਾਨੂੰ ਇਸ ਸਮੇਂ ਨੂੰ ਗਠਜੋੜ ਬਣਾਉਣ ਲਈ ਵਰਤਣਾ ਚਾਹੀਦਾ ਹੈ। ਇਹ ਪੁੱਛੇ ਜਾਣ ਉਤੇ ਕਿ ਬਾਬਰੀ ਮਸਜਿਦ ਢਾਹੇ ਜਾਣ ਅਤੇ ਗੁਜਰਾਤ ਦੰਗਿਆ ਤੋਂ ਕਾਫ਼ੀ ਸਮਾਂ ਲੰਘ ਜਾਣ ਬਾਅਦ ਵੀ ਉਹ ਭਾਜਪਾ ਤੋਂ ਦੂਰ ਕਿਉਂ ਨਹੀਂ ਹੋਏ? ਉਨ੍ਹਾਂ ਕਿਹਾ ਕਿ ਉਹ ਭਾਜਪਾ ਵਿੱਚ ਅਟਲ ਬਿਹਾਰੀ ਵਾਜਪਾਈ ਕਰ ਕੇ ਸਨ। ਸ੍ਰੀ ਵਾਜਪਾਈ ਮੋਦੀ ਨੂੰ ਹਟਾਉਣਾ ਚਾਹੁੰਦੇ ਸਨ ਤੇ ਜੇ ਉਹ ਅਜਿਹਾ ਕਰਦੇ ਤਾਂ ਭਾਜਪਾ ਵੰਡੀ ਜਾਣੀ ਸੀ। ਰਾਫਾਲ ਸੌਦੇ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ, ”ਜਦੋਂ ਸਰਕਾਰ ਲਈ ਮਾੜੀ ਸਥਿਤੀ ਬਣਦੀ ਹੈ ਤਾਂ ਇਹ ਮੀਡੀਆ ਰਾਹੀ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਹਟਾਉਣ ਦਾ ਯਤਨ ਕਰਦੀ ਹੈ। ਇਸ ਮੁੱਦੇ ‘ਤੇ ਮੀਡੀਆ ਨੇ ਸਾਨੂੰ ਕੁਝ ਥਾਂ ਦਿੱਤੀ ਪਰ ਅਗਲੇ ਦਿਨ ਮੰਤਰੀਆਂ ਦੇ ਬਿਆਨਾਂ ਨੂੰ ਬਹੁਤ ਜ਼ਿਆਦਾ ਵਧਾ ਚੜ੍ਹਾ ਕੇ ਛਾਪਿਆ ਗਿਆ ਤੇ ਇਸ ਤਰ੍ਹਾਂ ਉਨ੍ਹਾਂ ਵਲੋਂ ਪੇਸ਼ ਕੀਤੇ ਤੱਥ ਹੀ ਛੁਪ ਗਏ।”
ਇਸ ਸਮੇਂ ਜ਼ਿੰਦਗੀ ਅਤੇ ਮੌਤ ਨਾਲ ਸਬੰਧਤ ਮੁੱਦਿਆਂ ਨੂੰ ਅਣਗੌਲਿਆਂ ਕਰ ਦਿੱਤਾ ਗਿਆ ਹੈ। ਸਮਾਂ ਆਏਗਾ ਜਦੋਂ ਮੁੱਦਿਆਂ ਨੂੰ ਕੋਈ ਦਬਾਅ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਮੀਡੀਆ ਆਪਣੇ ਲਾਲਚ ਕਾਰਨ ਮੁੱਦਿਆਂ ਤੋਂ ਧਿਆਨ ਲਾਂਭੇ ਕਰ ਰਿਹਾ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਈਵੈਂਟ ਮੈਨੇਜਰ ਹੈ ਅਤੇ ਮੀਡੀਆ ਘਰਾਣੇ ਪ੍ਰਾਪੇਗੰਡਾ ਦਾ ਸਾਧਨ ਬਣ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸੂਚਨਾ ਦੇ ਅਧਿਕਾਰ ਰਾਹੀਂ ਸੱਚ ਦਾ ਪਤਾ ਲਾਉਂਦੇ 62 ਵਿਅਕਤੀ ਮਾਰੇ ਗਏ ਹਨ ਪਰ ਉਨ੍ਹਾਂ ਦੀਆਂ ਮੌਤਾਂ ਨੂੰ ਕਿਸੇ ਨੇ ਉਭਾਰਿਆ ਨਹੀਂ, ਇਹ ਮਾੜੀ ਗੱਲ ਹੈ।