ਲਾਲ ਬੱਤੀਆਂ ਲਹਿ ਜਾਣ ਨਾਲ ਲੋਕਾਂ ਨੂੰ ਕੀ ਲਾਭ? : ਬਾਦਲ

ਲਾਲ ਬੱਤੀਆਂ ਲਹਿ ਜਾਣ ਨਾਲ ਲੋਕਾਂ ਨੂੰ ਕੀ ਲਾਭ? : ਬਾਦਲ

ਕੈਪਸ਼ਨ-ਡੱਬਵਾਲੀ ਵਿੱਚ ਭਾਜਪਾ ਆਗੂ ਦੇਵ ਕੁਮਾਰ ਸ਼ਰਮਾ ਦੀ ਮਾਤਾ ਦੇ ਦੇਹਾਂਤ ‘ਤੇ ਸੋਗ ਪ੍ਰਗਟਾਉਂਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ।  
ਲੰਬੀ/ਬਿਊਰੋ ਨਿਊਜ਼ :
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੀ ਆਰਥਿਕਤਾ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਦਾ ਸ਼ੋਸ਼ਾ ਛੱਡ ਕੇ ਜਨਤਾ ਨੂੰ ਅਸਲ ਮੁੱਦਿਆਂ ਤੋਂ ਭਟਕਾ ਰਹੀ ਹੈ। ਸ੍ਰੀ ਬਾਦਲ ਨੇ ਲੰਬੀ ਹਲਕੇ ਵਿੱਚ ਦੂਜੇ ਗੇੜ ਦੇ ਧੰਨਵਾਦੀ ਦੌਰੇ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਪਹਿਲੇ ਹਫ਼ਤੇ ਵਿੱਚ ਅਜਿਹਾ ਕੋਈ ਅਹਿਮ ਵਾਅਦਾ ਨਹੀਂ ਪੁਗਾ ਸਕੀ, ਜਿਹੜੇ ਵਾਅਦਿਆਂ ਨਾਲ ਉਹ ਸੱਤਾ ਵਿੱਚ ਆਈ ਹੈ।
ਸ੍ਰੀ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਆਰਥਿਕ ਹਾਲਤ ਬਹੁਤ ਚੰਗੀ ਹੈ ਪਰ ਕੈਪਟਨ ਸਰਕਾਰ ਕੁਝ ਨਾ ਕਰਨ ਦੀ ਨੀਅਤ ਕਾਰਨ ਬਹਾਨਿਆਂ ‘ਤੇ ਉੱਤਰ ਆਈ ਹੈ। ਕੈਪਟਨ ਸਰਕਾਰ ਵੱਲੋਂ ਲਾਲ ਬੱਤੀ ਕਲਚਰ ਖਤਮ ਬਾਰੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਫ਼ਰਕ ਨਹੀਂ ਪੈਂਦਾ, ਗੱਡੀਆਂ ‘ਤੇ ਲਾਲ ਬੱਤੀ ਲੱਗੇ ਜਾਂ ਲਹਿ ਜਾਵੇ। ਇਸ ਨਾਲ ਆਮ ਜਨਤਾ ਨੂੰ ਤਾਂ ਕੋਈ ਫਾਇਦਾ ਨਹੀਂ। ਪੰਜਾਬ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਅਕਾਲੀ ਸਰਕਾਰ ਵੱਲੋਂ ਸੰਗਤ ਦਰਸ਼ਨ ਵਿੱਚ ਫੰਡਾਂ ਦੀ ਕਥਿਤ ਦੁਰਵਰਤੋਂ ਬਾਰੇ ਜਾਂਚ ਸਬੰਧੀ ਦਿੱਤੇ ਬਿਆਨ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਸੰਗਤ ਦਰਸ਼ਨ ਵਿੱਚ ਫੰਡ ਪੂਰੇ ਨਿਯਮਾਂ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਪਾਰਦਰਸ਼ੀ ਢੰਗ ਨਾਲ ਵੰਡੇ ਗਏ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਵਿਰੋਧੀਆਂ ਨੇ ਅਕਾਲੀ ਸਰਕਾਰ ਦੇ ਸੰਗਤ ਦਰਸ਼ਨ ਦੇ ਫੰਡਾਂ ਬਾਰੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਪਰ ਅਦਾਲਤ ਨੇ ਸੰਗਤ ਦਰਸ਼ਨ ਖ਼ਿਲਾਫ਼ ਦਲੀਲਾਂ ਨੂੰ ਖ਼ਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਫੰਡਾਂ ਦੀ ਪੜਤਾਲ ਸਰਕਾਰ ਜੀਅ ਸਦਕੇ ਕਰਵਾਏ।
ਸਾਬਕਾ ਮੁੱਖ ਮੰਤਰੀ ਨੇ ਪਿੰਡ ਭੁੱਲਰਵਾਲਾ, ਕੰਦੂਖੇੜਾ, ਢਾਣੀ ਤੇਲਿਆਂਵਾਲੀ, ਤਰਮਾਲਾ, ਭੀਟੀਵਾਲਾ, ਹਾਕੂਵਾਲਾ, ਫੱਤਾਕੇਰਾ, ਘੁਮਿਆਰਾ, ਲੁਹਾਰਾ ਤੇ ਪਿੰਡ ਕਿੱਲਿਆਂਵਾਲੀ ਵਿੱਚ ਧੰਨਵਾਦੀ ਦੌਰੇ ਮੌਕੇ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮਗਰੋਂ ਸ੍ਰੀ ਬਾਦਲ ਡੱਬਵਾਲੀ ਵਿੱਚ ਭਾਜਪਾ ਆਗੂ ਦੇਵ ਕੁਮਾਰ ਸ਼ਰਮਾ ਦੀ ਮਾਤਾ ਵਾਰਵਤੀ ਦੇਵੀ ਦੇ ਦੇਹਾਂਤ ‘ਤੇ ਸੋਗ ਪ੍ਰਗਟਾਉਣ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਗਏ। ਉਨ੍ਹਾਂ ਵੈਦ ਰਾਮ ਦਿਆਲ ਸ਼ਰਮਾ ਦੇ ਪਰਿਵਾਰ ਨਾਲ ਪੁਰਾਣੀ ਸਾਂਝ ਨੂੰ ਚੇਤੇ ਕੀਤਾ।
ਹਾਲੇ ਵੀ ਨਹੀਂ ਰੁਕੀ ਧੜੇਬੰਦੀ :
ਲੰਬੀ ਹਲਕੇ ਵਿੱਚ ਅਕਾਲੀ ਲੀਡਰਸ਼ਿਪ ਵਿਚਲੀ ਧੜੇਬੰਦੀ ਪਾਰਟੀ ਦਾ ਖਹਿੜਾ ਨਹੀਂ ਛੱਡ ਰਹੀ। ਮੰਡੀ ਕਿੱਲਿਆਂਵਾਲੀ ਵਿੱਚ ਸਾਬਕਾ ਮੁੱਖ ਮੰਤਰੀ ਦਾ ਧੰਨਵਾਦੀ ਦੌਰਾ ਅਕਾਲੀ ਧੜੇਬੰਦੀ ਦੀ ਭੇਟ ਚੜ੍ਹ ਗਿਆ। ਦੋ ਅਕਾਲੀ ਧੜਿਆਂ ਨੇ ਆਪੋ-ਆਪਣੀ ਮਰਜ਼ੀ ਨਾਲ ਰੀਗਲ ਪੈਲੇਸ ਅਤੇ ਵੈਸ਼ਣੂ ਮੰਦਰ ਵਿੱਚ ਵੱਖ-ਵੱਖ ਪ੍ਰੋਗਰਾਮ ਰੱਖੇ ਹੋਏ ਸਨ। ਦੋਵੇਂ ਜਗ੍ਹਾ ਵੱਡੀ ਤਾਦਾਦ ਵਿੱਚ ਪੁਲੀਸ ਅਮਲਾ ਵੀ ਤਾਇਨਾਤ ਕੀਤਾ ਹੋਇਆ ਸੀ। ਦੋਵੇਂ ਥਾਵਾਂ ‘ਤੇ ਲੋਕਾਂ ਦੇ ਨਾ ਪੁੱਜਣ ਕਰਕੇ ਐਨ ਮੌਕੇ ‘ਤੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧੜਿਆਂ ਨੇ ਆਪੋ-ਆਪਣੀ ਪੁਗਾਉਣ ਦੀ ਕੋਸ਼ਿਸ਼ ਕੀਤੀ ਪਰ ਸ੍ਰੀ ਬਾਦਲ ਹਾਲਾਤ ਨੂੰ ਵਾਚਦਿਆਂ ਡੱਬਵਾਲੀ ਨੂੰ ਤੁਰ ਗਏ।