ਬਰਗਾੜੀ ਇਨਸਾਫ ਮੋਰਚੇ ਦੇ ਦੁਆਲੇ ਘੁੰਮ ਰਹੀ ਹੈ ਪੰਜਾਬ ਦੀ ਸਿਆਸਤ

ਬਰਗਾੜੀ ਇਨਸਾਫ ਮੋਰਚੇ ਦੇ ਦੁਆਲੇ ਘੁੰਮ ਰਹੀ ਹੈ ਪੰਜਾਬ ਦੀ ਸਿਆਸਤ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੀ ਰਾਜਨੀਤੀ ਦੀ ਗਹਿਰੀ ਸਮਝ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਬਰਗਾੜੀ ਵਿੱਚ ਲੋਕਾਂ ਦਾ ਆਪ ਮੁਹਾਰੇ ਏਨਾ ਵੱਡਾ ਇਕੱਠ ਹੋਣਾ ਕਾਂਗਰਸ ਸਰਕਾਰ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਲਈ ਚਿੰਤਾ ਦਾ ਵਿਸ਼ਾ ਹੈ। ਅਕਾਲੀ ਦਲ ਤੋਂ ਨਾਰਾਜ਼ ਸਿੱਖ ਜਾਂ ਆਮ ਸਿੱਖਾਂ ਨੇ ਇਸ ਇਕੱਠ ਵਿੱਚ ਵਧੇਰੇ ਸ਼ਿਰਕਤ ਕੀਤੀ ਹੈ ਤੇ ਇਹ ਇਕੱਠ ਵਿੱਚ ਸ਼ਿਰਕਤ ਕਰ ਰਹੇ ਆਗੂ ਤੇ ਵਰਕਰ ਹੀ ਜਦੋਂ ਕਦੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ, ਉਸ ਸਮੇਂ ਅਕਾਲੀ ਦਲ ਲਈ ਵੱਡੀ ਸਿਰਦਰਦੀ ਬਣਨਗੇ। ਪੰਜਾਬ ਵਿਚ ਹੋਈਆਂ ਤਿੰਨ ਵਿਚੋਂ ਦੋ ਰੈਲੀਆਂ ਵਿਚ ਸਭ ਤੋਂ ਤਿੱਖਾ ਹਮਲਾ ਪਿਛਲੀ ਅਕਾਲੀ ਸਰਕਾਰ ਦੇ ਆਗੂਆਂ ਵਿਰੁੱਧ ਸੇਧਿਤ ਸੀ। ਬਰਗਾੜੀ ਵਿਚਲੇ ਆਪ ਮੁਹਾਰੇ ਇਕੱਠ ਨੇ ਇਕ ਵਾਰ ਮੁੜ ਸਾਬਤ ਕਰ ਦਿਤਾ ਹੈ ਕਿ ਲੋਕਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਨੂੰ ਲੈ ਕੇ ਅਜੇ ਵੀ ਪਿਛਲੀ ਅਕਾਲੀ ਸਰਕਾਰ ਵਿਰੁੱਧ ਗੁੱਸਾ ਤੇ ਨਫਰਤ ਘਟੀ ਨਹੀਂ। ਕਾਂਗਰਸ ਪਾਰਟੀ ਦੀ ਰੈਲੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਅਗਲੀਆਂ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ, ਪਰ ਬਰਗਾੜੀ ਦੇ ਇਕੱਠ ਦਾ ਸੰਕੇਤ ਸਪੱਸ਼ਟ ਹੈ ਕਿ ਮੁੱਖ ਮੰਤਰੀ ਨੂੰ ਬੇਅਬਦੀ ਅਤੇ ਗੋਲੀ ਕਾਂਡਾਂ ਦੇ ਦੋਸ਼ੀਆਂ ਵਿਰੁੱਧ ਜਲਦੀ ਸਖਤ ਕਾਰਵਾਈ ਕਰਨੀ ਹੀ ਪਵੇਗੀ।
ਭਾਵੇਂ ਇਨ੍ਹਾਂ ਰੈਲੀਆਂ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਨਿਕਲਿਆ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਸੂਬੇ ਦੀ ਸਿਆਸਤ ਦਾ ਕੇਂਦਰ ਬਰਗਾੜੀ ਬਣ ਗਿਆ ਹੈ। ਇਸ ਨਾਲ ਜੁੜੇ ਮਸਲਿਆਂ ਬਾਰੇ ਅਗਲੇ ਦਿਨਾਂ ਵਿਚ ਅਹਿਮ ਸਰਗਰਮੀਆਂ ਹੋਣ ਦੀ ਸੰਭਾਵਨਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਇਕੱਠ ‘ਚ ਕਾਂਗਰਸ ਸਰਕਾਰ ਦੀਆਂ ਨੀਤੀਆਂ ਅਤੇ ਬਰਗਾੜੀ ਇਨਸਾਫ ਮੋਰਚੇ ਵਿਰੁਧ ਤਿੱਖੇ ਹਮਲੇ ਕੀਤੇ ਗਏ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੋਲੀਬਾਰੀ ਵਿਚ ਦੋ ਸਿੱਖ ਸਰਧਾਲੂਆਂ ਦੀ ਮੌਤ ਤੇ ਕੁਝ ਦੇ ਗੰਭੀਰ ਜ਼ਖਮੀ ਹੋਣ ਅਤੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਦੇ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਵਿਚ ਵੀ ਤਿੱਖੇ ਮਤਭੇਦ ਜਨਤਕ ਹੋ ਚੁੱਕੇ ਹਨ ਤੇ ਮਾਝੇ ਦੀ ਲੀਡਰਸ਼ਿਪ ਅਤੇ ਕੁਝ ਟਕਸਾਲੀ ਆਗੂਆਂ ਵੱਲੋਂ ਪਟਿਆਲਾ ਰੈਲੀ ਵਿਚ ਨਾ ਆਉਣ ਦੇ ਫੈਸਲੇ ਨੇ ਵੀ ਅਕਾਲੀ ਲੀਡਰਸ਼ਿਪ ਲਈ ਪਹਿਲਾਂ ਹੀ ਤਕੜੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਚੋਣਾਂ ਲਈ ਬਿਗਲ ਵਜਾਉਣ ਦੀ ਕੀ ਮਹੱਤਤਾ ਹੈ। ਕੀ ਕਾਂਗਰਸ ਸਰਕਾਰ ਨੇ ਵਿਕਾਸ ਦੇ ਕੰਮ ਕਾਜ ਮੁਕਾ ਲਏ ਹਨ ਜਾਂ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ ਜਾਂ ਫਿਰ ਦੇਣ ਲੈਣ ਲਈ ਬਹੁਤਾ ਕੁਝ ਨਹੀਂ ਹੈ ਜਾਂ ਫਿਰ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਚੋਣਾਂ ਵਿੱਚ ਰੁਝਾਉਣ ਦੀ ਨੀਤੀ ਹੈ। ਇਸ ਬਾਰੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚਾਰ ਪੰਜ ਦਿਨ ਪਹਿਲਾਂ ਕਾਂਗਰਸ ਹਾਈਕਮਾਂਡ ਨਾਲ ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਸ ਵਾਰ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤਾਂਗੇ ਤੇ ਇਸ ਕਰਕੇ ਉਨ੍ਹਾਂ ਨੇ ਰੈਲੀ ਵਿਚ ਚੋਣ ਬਿਗਲ ਵਜਾਉਣਾ ਮੁਨਾਸਬ ਸਮਝਿਆ ਹੈ। ਕਾਂਗਰਸ ਨੇ ਚੋਣ ਬਿਗਲ ਤਾਂ ਵਜਾ ਦਿੱਤਾ ਪਰ ਅਜੇ ਤਕ ਉਮੀਦਵਾਰ ਦਾ ਕੋਈ ਫੈਸਲਾ ਨਹੀਂ ਕੀਤਾ ਤੇ ਲੋਕ ਸਭਾ ਚੋਣਾਂ ਵਿੱਚ ਅਜੇ ਪੰਜ ਮਹੀਨਿਆਂ ਦਾ ਸਮਾਂ ਬਾਕੀ ਹੈ।