ਮੋਦੀ ਦੇ ਗੁਜਰਾਤ ਵਿਚ ”ਅੱਤਵਾਦੀਆਂ” ਨੇ ”ਭਈਏ” ਭਜਾਏ

ਮੋਦੀ ਦੇ ਗੁਜਰਾਤ ਵਿਚ ”ਅੱਤਵਾਦੀਆਂ” ਨੇ ”ਭਈਏ” ਭਜਾਏ

ਅਹਿਮਦਾਬਾਦ/ਬਿਊਰੋ ਨਿਊਜ਼ :
ਸਿੱਖਾਂ ਤੇ ਮੁਸਲਮਾਨਾਂ ਨੂੰ ਅਕਸਰ ਹੀ ਕਥਿਤ ਅੱਤਵਾਦੀ ਕਹਿ ਕੇ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਵਾਲੇ ਭਾਰਤ ਦੇ ਹਿੰਦੂਵਾਦੀ ਮੀਡੀਆ ਨੂੰ ਮੋਦੀ ਦੇ ਗੁਜਰਾਤ ਵਿਚ ਫੈਲਿਆ ਤਾਜ਼ਾ ”ਅੱਤਵਾਦ” ਮਹਿਜ਼ ਇਕ ਬੱਚੀ ਨਾਲ ਬਲਾਤਕਾਰ ਮਗਰੋਂ ਗੁਜਰਾਤੀਆਂ ਤੇ ਹਿੰਦੀ-ਭਾਸ਼ੀ ਲੋਕਾਂ ਵਿਚ ਪੈਦਾ ਹੋਇਆ ਤਣਾਅ ਜਾਪ ਰਿਹਾ ਹੈ। ਤਾਜ਼ਾ ਵੇਰਵਿਆਂ ਮੁਤਾਬਕ ਗੁਜਰਾਤ ਵਿਚ ਬਿਹਾਰ, ਮੱਧ ਪ੍ਰਦੇਸ਼ ਤੇ ਯੂਪੀ ਦੇ ਪਰਵਾਸੀਆਂ ਖਿਲਾਫ ਲਗਾਤਾਰ ਹਿੰਸਾ ਤੇ ਧਮਕਾਉਣ ਦਾ ਦੌਰ ਚੱਲ ਰਿਹਾ ਹੈ। ਇਸ ਕਾਰਨ ਆਪਣੀ ਰੋਜ਼ੀ ਰੋਟੀ ਲਈ ਗੁਜਰਾਤ ਗਏ ਹਿੰਦੀ ਭਾਸ਼ੀ ਲੋਕਾਂ ਦੀ ਇਥੋਂ ਵੱਡੀ ਪੱਧਰ ਉਤੇ  ਹਿਜ਼ਰਤ ਹੋ ਰਹੀ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਹੁਣ ਤਕ ਵੀਹ ਹਜ਼ਾਰ ਤੋਂ ਵੱਧ ਪਰਵਾਸੀ ਗੁਜਰਾਤ ਵਿਚੋਂ ਆਪਣੇ ਪਿੱਤਰੀ ਰਾਜਾਂ ਵੱਲ ਕੂਚ ਕਰ ਗਏ ਹਨ।
ਪੁਲਿਸ ਨੇ ਦੱਸਿਆ ਹੈ ਕਿ ਸਾਬਰ ਕਾਂਠਾ ਜ਼ਿਲ੍ਹੇ ਵਿਚ 14 ਮਹੀਨੇ ਦੀ ਬੱਚੀ ਨਾਲ ਕਥਿਤ ਬਲਾਤਕਾਰ ਮਗਰੋਂ ਛੇ ਜ਼ਿਲ੍ਹਿਆਂ ਵਿਚ ਹਿੰਦੀ-ਭਾਸ਼ੀ ਲੋਕਾਂ ‘ਤੇ ਹਮਲਿਆਂ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਬਲਾਤਕਾਰ ਦੇ ਮਾਮਲੇ ਵਿਚ ਬਿਹਾਰ ਦੇ ਇਕ ਪਰਵਾਸੀ ਮਜ਼ਦੂਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਹਿੰਸਾ ਦੀ ਸ਼ੁਰੂਆਤ ਹੋਈ। ਉੱਤਰ ਭਾਰਤੀ ਵਿਕਾਸ ਪਰਿਸ਼ਦ ਦੇ ਪ੍ਰਧਾਨ ਮਹਿੰਦਰ ਸਿੰਘ ਕੁਸ਼ਵਾਹਾ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਹਾਲਾਤ ਨੂੰ ਵੇਖਦਿਆਂ ਯੂਪੀ, ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਕਰੀਬ 20 ਹਜ਼ਾਰ ਲੋਕ ਗੁਜਰਾਤ ਤੋਂ ਬਾਹਰ ਚਲੇ ਗਏ ਹਨ।
ਹਿੰਦੀ ਭਾਸ਼ੀਆਂ ਉਤੇ ਹਮਲਿਆਂ ਦੀਆਂ ਘਟਨਾਵਾਂ ਮਗਰੋਂ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਲੋਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ। ਰੁਪਾਣੀ ਨੇ ਦਾਅਵਾ ਕੀਤਾ ਕਿ ਪਿਛਲੇ 48 ਘੰਟਿਆਂ ਵਿਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।  ਸੂਬੇ ਦੇ ਗ੍ਰਹਿ ਮੰਤਰੀ ਪ੍ਰਦੀਪ ਸਿੰਘ ਜਡੇਜਾ ਨੇ ਕਿਹਾ ਕਿ ਪ੍ਰਵਾਸੀਆਂ ਦੀ ਸੁਰੱਖਿਆ ਲਈ ਉਦਯੋਗਿਕ ਖੇਤਰਾਂ ਵਿਚ ਵਾਧੂ ਬਲ ਤੈਨਾਤ ਕੀਤੇ ਗਏ ਹਨ। ਸਰਕਾਰ ਨੇ ਕਿਹਾ ਕਿ ਹਿੰਸਾ ਦੀਆਂ ਘਟਨਾਵਾਂ ਦੇ ਸਿਲਸਿਲੇ ਵਿਚ 400 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗੁਜਰਾਤ ਮਾਮਲੇ ‘ਤੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਅਤੇ ਉਥੋਂ ਦੇ ਮੁੱਖ ਸਕੱਤਰ ਨਾਲ ਗੱਲਬਾਤ ਹੋਈ ਹੈ। ਉਨ੍ਹਾਂ ਗੁਜਰਾਤ ਵਿੱਚ ਗ਼ੈਰ-ਗੁਜਰਾਤੀਆਂ, ਵਿਸ਼ੇਸ਼ ਤੌਰ ‘ਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਵਸਨੀਕਾਂ ‘ਤੇ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਮੁੱਖ ਸਕੱਤਰ ਤੇ ਪੁਲੀਸ ਮੁਖੀ ਉਨ੍ਹਾਂ ਦੇ ਸੰਪਰਕ ਵਿੱਚ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਗੁਜਰਾਤ ਵਿੱਚ ਪਰਵਾਸੀ ਵਰਕਰਾਂ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ ਤੇ ਉਹ ਇਸ ਦੇ ਖ਼ਿਲਾਫ਼ ਹਨ। ਉਨ੍ਹਾਂ ਟਵਿੱਟਰ ‘ਤੇ ਕਿਹਾ ਕਿ ਗੁਜਰਾਤ ਵਿੱਚ ਹਿੰਸਾ ਦਾ ਮੁੱਖ ਕਾਰਨ ਫੈਕਟਰੀਆਂ ਦਾ ਬੰਦ ਹੋਣਾ ਤੇ ਬੇਰੁਜ਼ਗਾਰੀ ਹਨ। ਇਸ ਕਾਰਨ ਦੋਵੇਂ ਸਿਸਟਮ ਅਤੇ ਅਰਥਚਾਰੇ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੀਬੀ ਤੋਂ ਡਰਾਉਣਾ ਹੋਰ ਕੁਝ ਨਹੀਂ ਹੈ।