ਮੈਂ ਕੈਪਟਨ ਸਰਕਾਰ ਨੂੰ ਦੱਸ ਸਕਦਾ ਹਾਂ ਡਰੱਗ ਕਾਰੋਬਾਰੀਆਂ ਦੇ ਨਾਂ : ਸ਼ਸ਼ੀਕਾਂਤ

ਮੈਂ ਕੈਪਟਨ ਸਰਕਾਰ ਨੂੰ ਦੱਸ ਸਕਦਾ ਹਾਂ ਡਰੱਗ ਕਾਰੋਬਾਰੀਆਂ ਦੇ ਨਾਂ : ਸ਼ਸ਼ੀਕਾਂਤ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ‘ਚ ਅਕਾਲੀ-ਭਾਜਪਾ ਗਠਜੋੜ ਦੇ ਸਮੇਂ ਸੂਬੇ ‘ਚ ਨਸ਼ਾ ਕਾਰੋਬਾਰ ਦਾ ਖੁਲਾਸਾ ਕਰਨ ਵਾਲੇ ਸਾਬਕਾ ਡੀ.ਜੀ.ਪੀ. ਸ਼ਸ਼ੀਕਾਂਤ ਨੇ ਇਸ ਮਾਮਲੇ ‘ਚ ਸੂਬੇ ਦੀ ਨਵੀਂ ਸਰਕਾਰ ਨੂੰ ਸਹਿਯੋਗ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਨਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਸੂਬੇ ‘ਚ ਡਰੱਗ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦੇ ਸਕਦੇ ਹਨ। ਸਾਬਕਾ ਡੀ.ਜੀ.ਪੀ. ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਹ ਕੋਸ਼ਿਸ਼ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਕੀਤੀ ਸੀ ਅਤੇ ਹੁਣ ਉਹ ਕੈਪਟਨ ਨੂੰ ਨਸ਼ਾ ਕਾਰੋਬਾਰ ਦੀ ਪੂਰੀ ਜਾਣਕਾਰੀ ਦੇਣਾ ਚਾਹੁੰਦੇ ਹਨ।
ਸਾਬਕਾ ਡੀ.ਜੀ.ਪੀ. ਨੇ ਕਿਹਾ ਕਿ ਉਨ੍ਹਾਂ ਨੇ ਨਸ਼ਾ ਕਾਰੋਬਾਰੀਆਂ ਦੇ ਨਾਵਾਂ ਦੀ ਸੂਚੀ ਸਾਬਕਾ ਸਰਕਾਰ ਨੂੰ ਵੀ ਦਿੱਤੀ ਸੀ, ਪਰ ਉਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੋ ਲੋਕ ਸੱਤਾ ‘ਚ ਰਹੇ, ਉਨ੍ਹਾਂ ਨੇ ਇਹੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕੋਈ ਚਿੱਠੀ ਨਹੀਂ ਮਿਲੀ। ਫਿਰ ਵੀ ਉਹ ਨਵੀਂ ਸਰਕਾਰ ਦੇ ਸਾਹਮਣੇ ਉਨ੍ਹਾਂ ਵੱਡੇ ਲੋਕਾਂ ਦੇ ਨਾਂ ਰੱਖਣ ਨੂੰ ਤਿਆਰ ਹਨ, ਜੋ ਨਸ਼ਾ ਕਾਰੋਬਾਰ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੁੜੇ ਹੋਏ ਹਨ। ਉਨ੍ਹਾਂ ਲਿਖਿਆ ਹੈ ਕਿ ਕੈਪਟਨ ਨੇ ਸੂਬੇ ‘ਚੋਂ ਨਸ਼ਾ ਕਾਰੋਬਾਰ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ ਅਤੇ ਇਸ ਲਈ ਮੈਂ ਸਰਕਾਰ ਦੀ ਮਦਦ ਕਰ ਸਕਦਾ ਹੈ। ਸ਼ਸ਼ੀਕਾਂਤ ਦਾ ਕਹਿਣਾ ਹੈ ਕਿ ਉਹ ਪੰਜਾਬ ‘ਚ ਹਰੇ ਖੇਤਰ ‘ਚ ਸ਼ਾਮਲ ਹੋ ਚੁੱਕੇ ਨਸ਼ਾ ਮਾਫਿਆ ਦੀ ਪਛਾਣ ਕਰ ਸਕਦੇ ਹਨ, ਜਿਸ ਤੋਂ ਨਸ਼ਾ ਕਾਰੋਬਾਰ ਦੀ ਸਪਲਾਈ ਬੰਦ ਕੀਤੀ ਜਾ ਸਕਦੀ ਹੈ।