ਬਾਦਲਾਂ ਸਮੇਤ ਅਕਾਲੀ ਜਥੇਦਾਰਾਂ ਦੀਆਂ ਨਾਜਾਇਜ਼ ਬੱਸਾਂ ਹੋਈਆਂ ਬੰਦ

ਬਾਦਲਾਂ ਸਮੇਤ ਅਕਾਲੀ ਜਥੇਦਾਰਾਂ ਦੀਆਂ ਨਾਜਾਇਜ਼ ਬੱਸਾਂ ਹੋਈਆਂ ਬੰਦ

ਕੈਪਸ਼ਨ-ਜਲੰਧਰ ਦੇ ਬੱਸ ਅੱਡੇ ‘ਤੇ ਖੜ੍ਹੀਆਂ ਪ੍ਰਾਈਵੇਟ ਬੱਸਾਂ।
ਜਲੰਧਰ/ਬਿਊਰੋ ਨਿਊਜ਼ :
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਦਿਆਂ ਹੀ ਬਾਦਲਾਂ ਸਮੇਤ ਅਕਾਲੀ ਜਥੇਦਾਰਾਂ ਦੀਆਂ ਨਾਜਾਇਜ਼ ਬੱਸਾਂ ਬੰਦ ਹੋ ਗਈਆਂ ਹਨ। ਇੱਥੋਂ ਦੇ ਅੰਤਰਰਾਜੀ ਬੱਸ ਅੱਡੇ ਤੋਂ ਅੱਜ ਕੋਈ ਵੀ ‘ਸਪੈਸ਼ਲ’ ਬੱਸ ਨਹੀਂ ਚੱਲੀ। ਇਸ ਨਾਲ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਸਵਾਰੀਆਂ ਵਧੀਆਂ ਹਨ।
ਜਾਣਕਾਰੀ ਅਨੁਸਾਰ ਪਹਿਲਾਂ ਇਹ ਬੱਸਾਂ 15-15 ਮਿੰਟ ਤੱਕ ਬੱਸ ਅੱਡੇ ਅੰਦਰ ਖੜ੍ਹੀਆਂ ਰਹਿੰਦੀਆਂ ਸਨ ਤੇ ਸਵਾਰੀਆਂ ਨਾਲ ਭਰ ਕੇ ਹੀ ਚਲਦੀਆਂ ਸਨ। ਵੱਡੇ ਟਰਾਂਸਪੋਰਟਰਾਂ ਨੇ ਬੱਸ ਅੱਡੇ ਤੋਂ ਇਲਾਵਾ ਸ਼ਹਿਰ ਦੇ ਪੀਏਪੀ ਚੌਂਕ ਵਿੱਚ ਦੋ, ਰਾਮਾਮੰਡੀ ਤੇ ਬੱਸ ਅੱਡੇ ਦੇ ਪੁਲ ਹੇਠ ਇਕ-ਇਕ ਆਪਣੇ ਬੱਸ ਅੱਡੇ ਬਣਾਏ ਹੋਏ ਸਨ। ਪੰਜਾਬ ਗੌਰਮਿੰਟ ਟਰਾਂਸਪੋਰਟ ਐਂਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਜਦੋਂ ਉਪਰੋਂ ਹੁਕਮ ਹੋਏ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਬਾਦਲਾਂ ਸਮੇਤ ਹੋਰ ਜਥੇਦਾਰਾਂ ਦੀਆਂ ਨਾਜਾਇਜ਼ ਬੱਸਾਂ ਨੂੰ ਰੋਕ ਦਿੱਤਾ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਟਰਾਂਸਪੋਰਟ ਵਿਭਾਗ ਦੇ ਡਿਪਟੀ ਡਾਇਰੈਕਟਰ ਦੀ ਅਗਵਾਈ ਹੇਠ ਆਈ ਟੀਮ ਇਸ ਗੱਲ ਦਾ ਜਾਇਜ਼ਾ ਲੈ ਰਹੀ ਹੈ ਕਿ ਕਿੰਨੀਆਂ ਬੱਸਾਂ ‘ਸਪੈਸ਼ਲ’ ਚੱਲਦੀਆਂ ਹਨ। ਪੰਜਾਬ ਰੋਡਵੇਜ਼ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਦੇ ਆਗੂ ਅਮਰੀਕ ਸਿੰਘ ਗਿੱਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬਾਦਲਾਂ ਦੀਆਂ ਚੱਲਦੀਆਂ ਨਾਜਾਇਜ਼ ਬੱਸਾਂ ਨੂੰ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੇ ਏਕੇ ਨੇ ਰੋਕ ਦਿੱਤਾ ਹੈ।
ਜਗਦੀਸ਼ ਚਾਹਲ ਨੇ ਦੱਸਿਆ ਕਿ ਜਥੇਬੰਦੀ ਛੇਤੀ ਹੀ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਪ੍ਰੋਗਰਾਮ ਬਣਾਏਗੀ ਤਾਂ ਜੋ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੰਜਾਬ ਰੋਡਵੇਜ਼ ਦੇ ਖੋਹੇ 712 ਮਿੰਟ ਮੁੜ ਵਾਪਸ ਲਏ ਜਾ ਸਕਣ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬਾਦਲਾਂ ਵੱਲੋਂ ਖ਼ਰੀਦੀਆਂ ਟਰਾਂਸਪੋਰਟ ਕੰਪਨੀਆਂ ਨੂੰ ਰੋਡਵੇਜ਼ ਦੇ ਟਾਈਮ ਖੋਹ ਕੇ ਦੇ ਦਿੱਤੇ ਸਨ।

ਪੀਆਰਟੀਸੀ ਅਤੇ ਮੰਡੀ ਬੋਰਡ ਦੇ ਚੇਅਰਮੈਨ ਨੇ ਵੀ ਦਿੱਤੇ ਅਸਤੀਫ਼ੇ

ਫ਼ਰੀਦਕੋਟ/ਬਿਊਰੋ ਨਿਊਜ਼ :
ਪੀਆਰਟੀਸੀ ਦੇ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਵਦੀਪ ਸਿੰਘ ਬੱਬੂ ਬਰਾੜ ਨੂੰ ਦਸੰਬਰ 2016 ਵਿੱਚ ਅਵਤਾਰ ਸਿੰਘ ਬਰਾੜ ਦੇ ਦੇਹਾਂਤ ਤੋਂ ਬਾਅਦ ਪੀਆਰਟੀਸੀ ਦਾ ਚੇਅਰਮੈਨ ਬਣਾਇਆ ਗਿਆ ਸੀ। ਸੂਬੇ ਵਿੱਚ ਕਾਂਗਰਸ ਸਰਕਾਰ ਵੱਲੋਂ ਸਹੁੰ ਚੁੱਕਣ ਤੋਂ ਕੁਝ ਘੰਟੇ ਬਾਅਦ ਹੀ ਬੱਬੂ ਬਰਾੜ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜ ਦਿੱਤਾ ਹੈ। ਨਵਦੀਪ ਸਿੰਘ ਸਾਬਕਾ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ ਦੇ ਪੁੱਤਰ ਹਨ, ਜੋ ਕੈਪਟਨ ਅਮਰਿੰਦਰ ਸਿੰਘ ਨਾਲ ਸਿਆਸੀ ਮਤਭੇਦ ਹੋਣ ਕਾਰਨ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਚਲੇ ਗਏ ਸਨ। ਅਸਤੀਫ਼ਾ ਦੇਣ ਤੋਂ ਪਹਿਲਾਂ ਨਵਦੀਪ ਸਿੰਘ ਬੱਬੂ ਬਰਾੜ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਇੱਥੇ ਮੀਟਿੰਗ ਕੀਤੀ।
ਚੰਡੀਗੜ੍ਹ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸ੍ਰੀ ਲੱਖੋਵਾਲ ਨੂੰ 16 ਮਾਰਚ 2007 ਨੂੰ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਸ੍ਰੀ ਲੱਖੋਵਾਲ ਪੰਜਾਬ ਮੰਡੀ ਬੋਰਡ ਦੇ ਇਤਿਹਾਸ ਵਿੱਚ ਲਗਾਤਾਰ ਦਸ ਸਾਲ ਚੇਅਰਮੈਨ ਰਹਿਣ ਵਾਲੇ ਪਹਿਲੇ ਆਗੂ ਹਨ। ਉਨ੍ਹਾਂ ਨੈਤਿਕਤਾ ਦੇ ਆਧਾਰ ‘ਤੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਹੈ।