ਸੁਸ਼ਮਾ ਨੇ ਨਸਲੀ ਹਮਲਿਆਂ ਬਾਰੇ ਅਮਰੀਕਾ ਕੋਲ ਚਿੰਤਾ ਪ੍ਰਗਟਾਈ

ਸੁਸ਼ਮਾ ਨੇ ਨਸਲੀ ਹਮਲਿਆਂ ਬਾਰੇ ਅਮਰੀਕਾ ਕੋਲ ਚਿੰਤਾ ਪ੍ਰਗਟਾਈ

ਨਵੀਂ ਦਿੱਲੀ/ਬਿਊਰੋ ਨਿਊਜ਼ :
ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਅਮਰੀਕਾ ਵਿੱਚ ਭਾਰਤੀਆਂ ਉਤੇ ਹਮਲਿਆਂ ਬਾਰੇ ਸਰਕਾਰ ਨੇ ਅਮਰੀਕੀ ਪ੍ਰਸ਼ਾਸਨ ਕੋਲ ‘ਗੰਭੀਰ ਚਿੰਤਾ’ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਦੀ ਸੁਰੱਖਿਆ ਸਰਕਾਰ ਦੀ ਮੁੱਖ ਤਰਜੀਹ ਹੈ। ਖ਼ਰਾਬ ਸਿਹਤ ਕਾਰਨ ਕਾਫੀ ਦੇਰ ਸਦਨ ਤੋਂ ਗ਼ੈਰਹਾਜ਼ਰ ਰਹਿਣ ਮਗਰੋਂ ਜਦੋਂ ਸੁਸ਼ਮਾ ਸਵਰਾਜ ਲੋਕ ਸਭਾ ਵਿੱਚ ਹਾਜ਼ਰ ਹੋਏ ਤਾਂ ਮੈਂਬਰਾਂ ਨੇ ਬੈਂਚ ਥਪਥਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਸ਼ੱਕੀ ਨਸਲੀ ਅਪਰਾਧਾਂ ਸਣੇ ਅਮਰੀਕਾ ਵਿੱਚ ਹਮਲਿਆਂ ਦੀਆਂ ਤਾਜ਼ਾ ਘਟਨਾਵਾਂ ਸਬੰਧੀ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਇਸ ਬਾਰੇ ਚੁੱਪੀ ਸਾਧਣ ਦੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਰੱਦ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਉਤੇ ਚੁੱਪੀ ਸਾਧਣ ਦੇ ਦੋਸ਼ ਨਿਰਆਧਾਰ ਹਨ। ਅਜਿਹੀਆਂ ਘਟਨਾਵਾਂ ਬਾਰੇ ਸਰਕਾਰ ਕਦੇ ਖਾਮੋਸ਼ ਨਹੀਂ ਬੈਠੇਗੀ। ਇਹ ਸਾਡੇ ਕੰਮ ਦਾ ਤਰੀਕਾ ਨਹੀਂ ਹੈ।
ਕਾਂਗਰਸ ਆਗੂ ਮਲਿਕਾਰਜੁਨ ਖੜਗੇ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਸੁਸ਼ਮਾ ਸਵਰਾਜ ਨੇ ਕਿਹਾ ਕਿ ”ਅਸੀਂ ਹਮੇਸ਼ਾ ਉਮੀਦ ਤੋਂ ਵੱਧ ਕੰਮ ਕੀਤਾ ਹੈ।” ਉਨ੍ਹਾਂ ਕਿਹਾ ਕਿ ਆਪਣੀ ਬਿਮਾਰੀ ਨਾਲ ਜੂਝਦਿਆਂ ਵੀ ਉਨ੍ਹਾਂ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਭਾਰਤੀ ਕੌਂਸਲੇਟ ਜਨਰਲ ਦੇ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਮਿਲਣ ਲਈ ਕਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਸਰੂਫ ਚੋਣ ਪ੍ਰਚਾਰ ਦੌਰਾਨ ਇਸ ਬਾਰੇ ਉਨ੍ਹਾਂ ਦੇ ਮੰਤਰਾਲੇ ਤੋਂ ਰੋਜ਼ਾਨਾ ਜਾਣਕਾਰੀ ਮੰਗਦੇ ਸਨ। ਵਿਦੇਸ਼ ਮੰਤਰੀ ਨੇ ਕਿਹਾ ਕਿ ”ਭਾਰਤ ਸਰਕਾਰ ਨੇ ਅਮਰੀਕੀ ਸਰਕਾਰ ਕੋਲ ਉੱਚ ਪੱਧਰ ਉਤੇ ਇਹ ਮਸਲਾ ਉਠਾਇਆ ਹੈ ਅਤੇ ਆਪਣੀ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ ਹੈ। ਅਸੀਂ ਭਾਰਤੀ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅਜਿਹੀਆਂ ਘਟਨਾਵਾਂ ਦੀ ਤੇਜ਼ੀ ਨਾਲ ਜਾਂਚ ਲਈ ਅਮਰੀਕਾ ਸਰਕਾਰ ਨੂੰ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ।”