ਸੁਖਬੀਰ ਤੇ ਮਜੀਠੀਆ ਨੇ ਡੇਰਾ ਰੂਮੀ ਤੋਂ ਲਿਆ ਆਸ਼ੀਰਵਾਦ

ਸੁਖਬੀਰ ਤੇ ਮਜੀਠੀਆ ਨੇ ਡੇਰਾ ਰੂਮੀ ਤੋਂ ਲਿਆ ਆਸ਼ੀਰਵਾਦ

ਭੁੱਚੋ ਮੰਡੀ/ਬਿਊਰੋ ਨਿਊਜ਼ :
ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬੀਤੀ ਦੇਰ ਸ਼ਾਮ ਭੁੱਚੋ ਕਲਾਂ ਦੇ ਡੇਰਾ ਰੂਮੀ ਪੁੱਜੇ। ਉਨ੍ਹਾਂ ਗੱਦੀ ‘ਤੇ ਮੱਥਾ ਟੇਕਿਆ ਅਤੇ ਪਾਠ ਸੁਣਿਆ। ਇਸ ਦੌਰਾਨ ਗੱਦੀਨਸ਼ੀਨ ਬਾਬਾ ਸੁਖਦੇਵ ਸਿੰਘ ਨੇ ਸੁਖਬੀਰ ਸਿੰੰਘ ਬਾਦਲ ਨੂੰ ਡੇਰਾ ਸਿਰਸਾ ਦੀ ਹਮਾਇਤ ਲੈਣ ਦੇ ਮਾਮਲੇ ਵਿੱਚ ਖਰੀਆਂ-ਖਰੀਆਂ ਸੁਣਾਈਆਂ। ਬਾਬਾ ਸੁਖਦੇਵ ਸਿੰਘ ਨੇ ਸ੍ਰੀ ਬਾਦਲ ਨੂੰ ਕਿਹਾ ਕਿ ਚੋਣਾਂ ਮੌਕੇ ਡੇਰਾ ਸਿਰਸਾ ਦਾ ਸਮਰਥਨ ਲੈਣਾ ਅਕਾਲੀ ਦਲ ਨੂੰ ਉਲਟਾ ਪੈ ਗਿਆ ਹੈ, ਕਿਉਂਕਿ ਅਜਿਹਾ ਕਰਨ ਨਾਲ ਸਿੱਖਾਂ ਨੂੰ ਧੱਕਾ ਲੱਗਿਆ ਹੈ। ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇੱਕ ਸਿੰਘ ਨੇ ਉਨ੍ਹਾਂ ਲਈ ਅਰਦਾਸ ਵੀ ਕੀਤੀ। ਪੰਜਾਬ ਦੇ ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵੀ ਡੇਰਾ ਰੂਮੀ ਪੁੱਜੇ। ਸ੍ਰੀ ਮਜੀਠੀਆ ਨੇ ਅਖੰਡ ਪਾਠ ਆਰੰਭ ਕਰਵਾਏ, ਜਿਨ੍ਹਾਂ ਦਾ ਭੋਗ 11 ਮਾਰਚ ਨੂੰ ਪਵੇਗਾ। ਇਸ ਮੌਕੇ ਹਲਕਾ ਇੰਚਾਰਜ ਜਗਸੀਰ ਸਿੰਘ ਕਲਿਆਣ ਤੇ ਅਸ਼ੋਕ ਬਾਂਸਲ ਵੀ ਹਾਜ਼ਰ ਸਨ।