ਨਿਹੰਗ ਜਥੇਬੰਦੀਆਂ ਦੇ ਮਾਣ ਸਤਿਕਾਰ ਸਬੰਧੀ ਸ਼੍ਰੋਮਣੀ ਕਮੇਟੀ ਨੇ ਅਹਿਦ ਲਿਆ

ਨਿਹੰਗ ਜਥੇਬੰਦੀਆਂ ਦੇ ਮਾਣ ਸਤਿਕਾਰ ਸਬੰਧੀ ਸ਼੍ਰੋਮਣੀ ਕਮੇਟੀ ਨੇ ਅਹਿਦ ਲਿਆ

ਕੈਪਸ਼ਨ-ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨਾਲ ਮੀਟਿੰਗ ਕਰਦੇ ਹੋਏ ਕਿਰਪਾਲ ਸਿੰਘ ਬਡੂੰਗਰ।
ਪਟਿਆਲਾ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਹੋਰ ਪੰਥਕ ਮਸਲਿਆਂ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਤੇ ਪੰਥਕ ਏਕਤਾ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਨਿਹੰਗ ਜਥੇਬੰਦੀਆਂ ਦੇ ਮਾਣ ਸਤਿਕਾਰ ਸਬੰਧੀ ਸ਼੍ਰੋਮਣੀ ਕਮੇਟੀ ਨੇ ਅਹਿਦ ਵੀ ਲਿਆ।
ਇਸ ਬੈਠਕ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਦੇ ਮੁਖੀ ਬਾਬਾ ਬਲਬੀਰ ਸਿੰਘ, ਬਾਬਾ ਅਵਤਾਰ ਸਿੰਘ ਮੁਖੀ ਦਲ ਪੰਥ ਬਾਬਾ ਬਿਧੀ ਚੰਦ, ਬਾਬਾ ਗੱਜਣ ਸਿੰਘ ਤਰਨਾ ਦਲ, ਬਾਬਾ ਵਸਣ ਸਿੰਘ ਗੁਰੂ ਨਾਨਕ ਦਲ ਮੜੀਆਂ ਵਾਲੇ, ਬਾਬਾ ਨਿਹਾਲ ਸਿੰਘ ਤਰਨਾ ਦਲ ਹਰੀਆਂ ਵੇਲਾਂ ਵਾਲੇ, ਬਾਬਾ ਨਿਰੰਗ ਸਿੰਘ, ਬਾਬਾ ਮੇਜਰ ਸਿੰਘ ਲੁਧਿਆਣੇ ਵਾਲੇ, ਬਾਬਾ ਬਲਦੇਵ ਸਿੰਘ ਵੱਲਾਂ, ਬਾਬਾ ਤਰਸੇਮ ਸਿੰਘ ਮਹਿਤਾ ਚੌਕ, ਬਾਬਾ ਰਘਬੀਰ ਸਿੰਘ ਘਿਆਲੇ ਵਾਲੇ, ਬਾਬਾ ਤਰਲੋਕ ਸਿੰਘ, ਬਾਬਾ ਲਾਲ ਸਿੰਘ ਮਾਲਵਾ ਤਰਨਾ ਦਲ, ਬਾਬਾ ਪ੍ਰਤਾਪ ਸਿੰਘ ਭਾਈ ਮਨੀ ਸਿੰਘ ਦਲ ਤੋਂ ਇਲਾਵਾ ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਪੰਥਕ ਹਿੱਤਾਂ ਲਈ ਇਕ ਪਲੇਟਫਾਰਮ ‘ਤੇ ਇਕੱਠੇ ਹੋਣ ਦਾ ਸੱਦਾ ਦਿੱਤਾ।
ਪ੍ਰੋ. ਬਡੂੰਗਰ ਨੇ ਬੇਅਦਬੀ ਦੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪੂਰੇ ਪੰਥ ਖ਼ਾਲਸਾ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਦੇ ਮਾਣ-ਸਤਿਕਾਰ ਤੇ ਆਜ਼ਾਦ ਹਸਤੀ ਵਿੱਚ ਹੋਰ ਵਾਧਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯੋਗਦਾਨ ਪਾਵੇਗੀ। ਨਿਹੰਗ ਸਿੰਘ ਜਥੇਬੰਦੀਆਂ 13 ਮਾਰਚ ਨੂੰ ਨਿਕਲਣ ਵਾਲੇ ਮਹੱਲੇ ਦੀ ਅਗਵਾਈ ਕਰਨਗੀਆਂ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦੁਬਾਰਾ ਸ਼ੁਰੂ ਹੋ ਗਈਆਂ ਹਨ, ਜੋ ਚਿੰਤਾ ਦਾ ਵਿਸ਼ਾ ਹੈ।