ਬਾਬਾ ਦਿਲਬਾਗ ਸਿੰਘ ਤੇ ਹੋਰ ਸਿੱਖ ਜਥੇਬੰਦੀਆਂ ਖਿਲਾਫ਼ ਕੇਸ ਦਰਜ

ਬਾਬਾ ਦਿਲਬਾਗ ਸਿੰਘ ਤੇ ਹੋਰ ਸਿੱਖ ਜਥੇਬੰਦੀਆਂ ਖਿਲਾਫ਼ ਕੇਸ ਦਰਜ

ਮੱਲਾਂਵਾਲਾ/ਬਿਊਰੋ ਨਿਊਜ਼ :
ਮੱਲਾਂਵਾਲਾ ਦੇ ਵਾਰਡ ਨੰਬਰ 6 ਵਿਚ ਡੇਰਾ ਪ੍ਰੇਮੀਆਂ ਤੇ ਸਿੱਖ ਜਥੇਬੰਦੀਆਂ ਵਿਚ ਨਾਮ ਚਰਚਾ ਨੂੰ ਲੈ ਕੇ ਹੋਈ ਤਕਰਾਰ ਕਾਰਨ ਸਿੱਖ ਜਥੇਬੰਦੀਆਂ ਦੇ ਆਗੂ ਤੇ ਵਰਕਰਾਂ ‘ਤੇ ਪੁਲੀਸ ਥਾਣਾ ਮੱਲਾਂਵਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿਚ ਥਾਣਾ ਮੱਲਾਂਵਾਲਾ ਵਿਖੇ ਮੁਕੱਦਮਾ ਦਰਜ ਕਰਵਾਉਂਦਿਆਂ ਰਾਮ ਆਸਰਾ ਵਾਰਡ ਨੰਬਰ 6 ਵਾਸੀ ਮੱਲਾਂਵਾਲਾ ਨੇ ਪੁਲੀਸ ਨੂੰ ਦਰਜ ਕਰਵਾਏ ਬਿਆਨ ਵਿਚ ਦੱਸਿਆ ਕਿ ਮੈਂ ਆਪਣੇ ਘਰ ਵਿਚ ਡੇਰਾ ਪ੍ਰੇਮੀਆਂ ਨਾਲ ਸ਼ਾਂਤਮਈ ਢੰਗ ਨਾਲ ਨਾਮ ਚਰਚਾ ਕਰ ਰਿਹਾ ਸੀ। ਜਦ ਨਾਮ ਚਰਚਾ ਚੱਲ ਰਹੀ ਸੀ ਤਾਂ ਬਾਬਾ ਦਿਲਬਾਗ ਸਿੰਘ ਵਾਸੀ ਆਰਿਫ਼ ਕੇ ਆਪਣੇ ਸਾਥੀਆਂ ਨਾਲ ਸਾਡੇ ਘਰ ਨਜ਼ਦੀਕ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ। ਉਨ੍ਹਾਂ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਡੇਰਾ ਪ੍ਰੇ੍ਰਮੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ। ਇਸ ਸਬੰਧੀ ਜਦ ਬਾਬਾ ਦਿਲਬਾਗ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਡੇ ‘ਤੇ ਲਗਾਏ ਦੋਸ਼ ਬੇਬੁਨਿਆਦ ਹਨ। ਪੁਲੀਸ ਥਾਣਾ ਮੱਲਾਂਵਾਲਾ ਦੇ ਐਸ.ਐਚ.ਓ. ਹਰਸੰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਦੱਈ ਰਾਮ ਆਸਰਾ ਦੇ ਬਿਆਨ ਦੇ ਆਧਾਰ ‘ਤੇ ਪੁਲੀਸ ਥਾਣਾ ਮੱਲਾਂਵਾਲਾ ਵਿਖੇ ਬਾਬਾ ਦਿਲਬਾਗ ਸਿੰਘ ਤੇ ਉਸ ਦੇ 70-80 ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।