ਕਮਾਲਪੁਰਾ ਨੂੰ ਚਿੱਟਾ ਮੁਕਤ ਕਰਨ ਲਈ ਪਿੰਡ ਵਾਸੀ ਇਕਜੁਟ ਹੋਏ

ਕਮਾਲਪੁਰਾ ਨੂੰ ਚਿੱਟਾ ਮੁਕਤ ਕਰਨ ਲਈ ਪਿੰਡ ਵਾਸੀ ਇਕਜੁਟ ਹੋਏ

ਜਗਰਾਉਂ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ ਸਮੇਂ ਭਾਵੇਂ ਸੱਤਾਧਾਰੀ ਆਗੂ ਪੰਜਾਬ ‘ਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਹੋਣ ਦਾ ਗੁਣਗਾਣ ਕਰ ਰਹੇ ਹੋਣ, ਪਰ ਚਿੱਟੇ ਦਾ ਜ਼ਹਿਰ ਕਿਸ ਤਰ੍ਹਾਂ ਫੈਲ ਚੁੱਕਾ ਹੈ, ਇਸ ਦਾ ਅੰਦਾਜ਼ਾ ਪਿੰਡ ਕਮਾਲਜਪੁਰਾ ਤੋਂ ਲਗਾਇਆ ਜਾ ਸਕਦਾ ਹੈ। ਚਿੱਟੇ ਦੇ ਬੁਰੇ ਪ੍ਰਭਾਵ ਤੋਂ ਨਾਰਾਜ਼ ਲੋਕਾਂ ਨੇ ਪਿੰਡ ਨੂੰ ਚਿੱਟਾ ਮੁਕਤ ਕਰਨ ਦਾ ਜਨਤਕ ਫੈਸਲਾ ਲਿਆ ਹੈ। ਦੋ ਦਿਨ ਪਹਿਲਾਂ ਪਿੰਡ ਦੇ ਗੁਰਦਵਾਰ ਸਾਹਿਬ ‘ਚ ਬੁਲਾਈ ਗਈ ਬੈਠਕ ‘ਚ ਜਦੋਂ ਪਿੰਡ ਵਾਸੀਆਂ ਨੇ ਚਿੱਟੇ ਦੀ ਆਦਤ ਦੇ ਸ਼ਿਕਾਰ 34 ਨੌਜਵਾਨਾਂ ਦੇ ਨਾਂ ਲਏ ਤਾਂ ਆਸਪਾਸ ਦੇ ਪਿੰਡਾਂ ਤੋਂ ਇਲਾਵਾ ਪੁਲੀਸ ਤੇ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ। ਬੈਠਕ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਉਹ ਪਹਿਲਾਂ ਤਾਂ ਘਰ-ਘਰ ਜਾ ਕੇ ਚਿੱਟੇ ਦੀ ਆਦਤ ਦੇ ਸ਼ਿਕਾਰ ਨੌਜਵਾਨਾਂ ਨੂੰ ਇਸ ਦੇ ਬੁਰੇ ਪ੍ਰਭਾਵ ਦੱਸ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਲਾਜ ਕਰਵਾਉਣ ਲਈ ਕਹਿਣਗੇ। ਲੋੜ ਪਈ ਤਾਂ ਖੁਦ ਹੀ ਪੈਸੇ ਇਕੱਠੇ ਕਰਕੇ ਨੌਜਵਾਨਾਂ ਦਾ ਇਲਾਜ ਕਰਵਾਉਣਗੇ। ਇਹ ਵੀ ਫੈਸਲਾ ਕੀਤਾ ਗਿਆ ਕਿ ਜੇ ਕੋਈ ਨੌਜਵਾਨ ਫਿਰ ਵੀ ਨਸ਼ਾ ਨਹੀਂ ਛੱਡਦਾ ਤਾਂ ਅਜਿਹੇ ਨੌਜਵਾਨਾਂ ਦੀ ਲਿਸਟ ਪੁਲੀਸ ਨੂੰ ਦਿੱਤੀ ਜਾਵੇਗੀ। ਜੇ ਕੋਈ ਨਸ਼ਾ ਕਰਨ ਵਾਲੇ ਨੌਜਵਾਨਾਂ ਜਾਂ ਉਨ੍ਹਾਂ ਦੇ ਪਰਿਵਾਰ ਦਾ ਸਹਿਯੋਗ ਦੇਵੇਗਾ ਤਾਂ ਉਹ ਉਸ ਦਾ ਸਮੂਹਕ ਬਾਈਕਾਟ ਕਰਨਗੇ।
ਚਿੱਟੇ ਵਿਰੁੱਧ ਪਹਿਲਾਂ ਵੀ ਇਲਾਕੇ ਦੇ ਨੌਜਵਾਨ ਇਕਜੁਟ ਹੋ ਕੇ 65 ਨਸ਼ਾ ਤਸਕਰਾਂ ਅਤੇ ਚਿੱਟਾ ਪੀਣ ਵਾਲਿਆਂ ਦੀ ਸੂਚੀ ਐਸ.ਐਸ.ਪੀ. ਨੂੰ ਸੌਂਪ ਚੁੱਕੇ ਹਨ, ਪਰ ਉਨ੍ਹਾਂ ‘ਤੇ ਕੋਈ ਖਾਸ ਕਾਰਵਾਈ ਨਹੀਂ ਹੋਈ। 34 ਨੌਜਵਾਨਾਂ ਦਾ ਨਾਂ ਸਾਹਮਣੇ ਆਉਣ ‘ਤੇ ਐਸ.ਡੀ.ਐਮ. ਗੁਰਸਿਮਰਨ ਸਿੰਘ ਦੇ ਕਹਿਣ ‘ਤੇ ਐਸ.ਐਮ.ਓ. ਡਾ. ਸੁਖਜੀਵਨ ਕੱਕੜ ਦੀ ਅਗਵਾਈ ‘ਚ ਨਸ਼ਾ ਛੁਡਾਉ ਕੈਂਪ ਲਗਾਇਆ ਗਿਆ।
ਸਿਵਲ ਹਸਪਤਾਲ ‘ਚ ਮਨੋਰੋਗ ਮਾਹਰ ਡਾ. ਗਰਗ, ਰਿਹੈਬਿਲਿਟੇਸ਼ਨ ਵਿਭਾਗ ਦੇ ਮੈਨੇਜਰ ਜਸਵਿੰਦਰ ਸਿੰਘ, ਕਾਉਂਸਿਲਰ ਅਮਨਪ੍ਰੀਤ ਕੌਰ, ਗੁਰਬਖਸ਼ ਸਿੰਘ, ਜਸਵੀਰ ਸਿੰਘ ਅਤੇ ਸੁਖਦੀਪ ਸਿੰਘ ਨੇ ਲੋਕਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵ ਦੱਸੇ। ਕੁਝ ਲੋਕ ਸਾਹਮਣੇ ਵੀ ਆਏ, ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਸ਼ੇ ਦੀ ਦਲਦਲ ‘ਚ ਹੋਣ ਦੀ ਗੱਲ ਕਬੂਲੀ ਅਤੇ ਇਲਾਜ ‘ਚ ਮਦਦ ਦੀ ਅਪੀਲ ਕੀਤੀ। ਐਸ.ਐਸ.ਪੀ. ਉਪਿੰਦਰਜੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਚੰਗੀ ਗੱਲ ਹੈ ਕਿ ਪਿੰਡ ਦੇ ਲੋਕ ਖੁਦ ਨਸ਼ੇ ਵਿਰੁੱਧ ਮੈਦਾਨ ‘ਚ ਆਏ ਹਨ। ਕਮਾਲਪਰਾ ਦੇ ਲੋਕਾਂ ਨੇ ਜਿਹੜੀ ਪਹਿਲ ਕੀਤੀ ਹੈ, ਉਸ ਸਬੰਧ ‘ਚ ਉਹ ਜ਼ਰੂਰ ਕਾਰਵਾਈ ਕਰਨਗੇ। ਪੁਲੀਸ ਪਿੰਡ ਕਮਾਲਪੁਰਾ ਦੇ ਉਕਤ ਲੋਕਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਸਹਿਯੋਗ ਤੋਂ ਨਸ਼ੇ ਦੀ ਇਸ ਬੁਰਾਈ ਨੂੰ ਖਤਮ ਕਰਨ ਲਈ ਸਖਤ ਕਦਮ ਚੁੱਕੇਗੀ। ਐਸ.ਐਮ.ਓ. ਡਾ. ਸੁਖਜੀਵਨ ਕੱਕੜ ਨੇ ਕਿਹਾ ਕਿ ਪਿੰਡ ਕਮਾਲਪੁਰਾ ‘ਚ ਜਾਂ ਕਿਸੇ ਪਿੰਡ ‘ਚ ਜਿਹੜੇ ਲੋਕ ਨਸ਼ੇ ਦੇ ਆਦੀ ਹਨ, ਉਹ ਸਿਵਲ ਹਸਪਤਾਲ ‘ਚ ਇਲਾਜ ਕਰਵਾ ਸਕਦੇ ਹਨ।