ਗੁਰਦੁਆਰਾ ਕਮੇਟੀ ਚੋਣਾਂ ਲਈ ਪੰਜਾਬ ਤੋਂ ਸਿੱਖ ਆਗੂਆਂ ਨੇ ਲਾਏ ਦਿੱਲੀ ਵਿੱਚ ਡੇਰੇ

ਗੁਰਦੁਆਰਾ ਕਮੇਟੀ ਚੋਣਾਂ ਲਈ ਪੰਜਾਬ ਤੋਂ ਸਿੱਖ ਆਗੂਆਂ ਨੇ ਲਾਏ ਦਿੱਲੀ ਵਿੱਚ ਡੇਰੇ

ਕੈਪਸ਼ਨ-ਸਰਨਾ ਧੜੇ ਦੇ ਪੱਖ ਵਿੱਚ ਪ੍ਰਚਾਰ ਵਾਸਤੇ ਪੁੱਜੇ ਭਾਈ ਮੋਹਕਮ ਸਿੰਘ, ਵੱਸਣ ਸਿੰਘ ਜਫਰਵਾਲ, ਸਤਨਾਮ ਸਿੰਘ ਮਨਾਵਾ ਤੇ ਹੋਰ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਦਿੱਲੀ ਗੁਰਦੁਆਰਾ ਚੋਣਾਂ ਵਿੱਚ ਅਕਾਲੀ ਦਲ ਦਿੱਲੀ (ਸਰਨਾ) ਲਈ ਪ੍ਰਚਾਰ ਕਰਨ ਵਾਸਤੇ ਪੰਜਾਬ ਦੇ ਸਿੱਖ ਆਗੂਆਂ ਨੇ ਰਾਜਧਾਨੀ ਵਿੱਚ ਡੇਰੇ ਲਾ ਲਏ ਹਨ। ਇਨ੍ਹਾਂ ਵਿੱਚ ਵਧੇਰੇ ਸਰਬਤ ਖਾਲਸਾ ਦੀ ਪ੍ਰਬੰਧਕ ਧਿਰ ਨਾਲ ਜੁੜੇ ਆਗੂ ਸ਼ਾਮਲ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ 26 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ 24 ਫਰਵਰੀ ਸ਼ਾਮ 5 ਵਜੇ ਤਕ ਚੋਣ ਪ੍ਰਚਾਰ ਖਤਮ ਹੋ ਜਾਵੇਗਾ। ਇਸ ਵੇਲੇ ਮੁੱਖ ਮੁਕਾਬਲਾ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਅਕਾਲੀ ਦਲ (ਦਿੱਲੀ) ਸਰਨਾ ਵਿਚਾਲੇ ਹੈ, ਜਦੋਂਕਿ ਪੰਥਕ ਸੇਵਾ ਦਲ ਨੇ ਕੁਝ ਥਾਵਾਂ ‘ਤੇ ਮੁਕਾਬਲੇ ਨੂੰ ਤਿਕੋਣਾ ਬਣਾ ਦਿੱਤਾ ਹੈ। ਇਸੇ ਤਰ੍ਹਾਂ ਕੁਝ ਹਲਕਿਆਂ ਵਿੱਚ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਸਮਰਥਨ ਪ੍ਰਾਪਤ ਉਮੀਦਵਾਰ ਵੀ ਸ਼ਾਮਲ ਹਨ। ਸਰਨਾ ਗੁੱਟ ਵਾਸਤੇ ਪ੍ਰਚਾਰ ਕਰਨ ਲਈ ਪੰਜਾਬ ਤੋਂ ਕਈ ਸਿੱਖ ਆਗੂ ਦਿੱਲੀ ਪੁੱਜ ਗਏ ਹਨ। ਇਨ੍ਹਾਂ ਸਿੱਖ ਆਗੂਆਂ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਤੇ ਸਰਬੱਤ ਖਾਲਸਾ ਪ੍ਰਬੰਧਕ ਧਿਰ ਦੇ ਆਗੂ ਭਾਈ ਮੋਹਕਮ ਸਿੰਘ, ਸਤਨਾਮ ਸਿੰਘ ਮਨਾਵਾਂ, ਸਾਬਕਾ ਖਾੜਕੂ ਆਗੂ ਭਾਈ ਵੱਸਣ ਸਿੰਘ ਜਫਰਵਾਲ, ਖਾਲਸਾ ਪੰਚਾਇਤ ਦੇ ਚਰਨਜੀਤ ਸਿੰਘ ਚੰਨੀ, ਪੰਥਕ ਤਾਲਮੇਲ ਸੰਗਠਨ ਵਲੋਂ ਗਿਆਨੀ ਕੇਵਲ ਸਿੰਘ ਤੇ ਸਤਿਕਾਰ ਕਮੇਟੀ ਵਲੋਂ ਜੋਗਿੰਦਰ ਸਿੰਘ ਫੌਜੀ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਬਲਬੀਰ ਸਿੰਘ ਦਾ ਨਾਂ ਵੀ ਸ਼ਾਮਲ ਹੈ। ਭਾਈ ਬਲਬੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਵਿੱਚ ਰੋਸ ਦਾ ਵਿਖਾਵਾ ਕਰਦਿਆਂ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਦਿੱਲੀ ਚੋਣਾਂ ਵਿੱਚ ਪਰਮਜੀਤ ਸਿੰਘ ਸਰਨਾ ਨੂੰ ਸਮਰਥਨ ਦੇਣ ਲਈ ਪੁੱਜੇ ਗਏ ਹਨ। ਇਸ ਸਬੰਧੀ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਦਿੱਲੀ ਵਿੱਚ ਹਾਕਮ ਧਿਰ ਵਿਰੁੱਧ ਪ੍ਰਚਾਰ ਕਰਨਗੇ।  ਇਸ ਦੌਰਾਨ ਸਰਬਤ ਖਾਲਸਾ ਪ੍ਰਬੰਧਕਾਂ ਵਿੱਚ ਸ਼ਾਮਲ ਭਾਈ ਮੋਹਕਮ ਸਿੰਘ ਵਲੋਂ ਸ੍ਰੀ ਸਰਨਾ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਦੇ ਸਿੱਖਾਂ ਦੇ ਵਿਰੋਧ ਕਾਰਨ ਹੀ ਹਾਕਮ ਧਿਰ ਦੇ ਦਿੱਲੀ ਵਿੱਚ ਲੱਗੇ ਹੋਰਡਿੰਗਾਂ ਤੋਂ ਬਾਦਲਾਂ ਦੀਆਂ ਤਸਵੀਰਾਂ ਮਨਫੀ ਹਨ।