ਅਸਲਾ ਬਰਾਮਦਗੀ ਮਾਮਲੇ ‘ਚੋਂ ਭਾਈ ਹਵਾਰਾ ਨੂੰ ਮਿਲੀ ਜ਼ਮਾਨਤ

ਅਸਲਾ ਬਰਾਮਦਗੀ ਮਾਮਲੇ ‘ਚੋਂ ਭਾਈ ਹਵਾਰਾ ਨੂੰ ਮਿਲੀ ਜ਼ਮਾਨਤ

ਲੁਧਿਆਣਾ/ਬਿਊਰੋ ਨਿਊਜ਼ :
ਸਥਾਨਕ ਚੰਦਰ ਨਗਰ ਨੇੜਿਓਂ ਸਾਲ 1995 ਵਿਚ ਪੁਲੀਸ ਵੱਲੋਂ ਅਸਲਾ ਬਰਾਮਦਗੀ ਦੇ ਮਾਮਲੇ ਵਿਚ ਅਦਾਲਤ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਜਾਣਕਾਰੀ ਦਿੰਦਿਆਂ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪੁਲੀਸ ਵੱਲੋਂ 30 ਦਸੰਬਰ 1995 ਨੂੰ ਚੰਦਰ ਨਗਰ ਨੇੜਿਓਂ ਭਾਰੀ ਮਾਤਰਾ ਵਿਚ ਅਸਲਾ ਬਰਾਮਦ ਕੀਤਾ ਗਿਆ ਸੀ। ਪੁਲੀਸ ਵੱਲੋਂ ਇੱਥੋਂ ਤਿੰਨ ਏ.ਕੇ. 56, ਅਸਾਲਟ ਰਾਈਫ਼ਲਜ਼ ਤੇ 50 ਦੇ ਕਰੀਬ ਕਾਰਤੂਸ ਬਰਾਮਦ ਕੀਤੇ ਗਏ ਸਨ। ਇਸ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲੀਸ ਨੇ ਐਫ.ਆਈ.ਆਰ ਨੰ. 139 ਅਧੀਨ ਧਾਰਾ 25/54/59 ਕੇਸ ਦਰਜ ਕੀਤਾ ਸੀ। ਪੁਲੀਸ ਵੱਲੋਂ ਇਸ ਮਾਮਲੇ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਪੁਲੀਸ ਵੱਲੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਖਿਲਾਫ਼ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ ਸੀ। ਇਸ ਮੁਕਦਮੇ ਦੀ ਸੁਣਵਾਈ ਸਮੇਂ ਭਾਈ ਹਵਾਰਾ ਅਦਾਲਤ ਵਿਚ ਪੇਸ਼ ਨਹੀਂ ਹੋ ਰਹੇ ਸਨ ਤੇ ਉਨ੍ਹਾਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਕੀਤੀ ਜਾਂਦੀ ਹੈ। ਭਾਈ ਹਵਾਰਾ ਦੇ ਵਕੀਲ ਵੱਲੋਂ ਇਸ ਮਾਮਲੇ ਵਿਚ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ, ਜਿਸ ‘ਤੇ ਸੁਣਵਾਈ ਸੀ। ਸੁਣਵਾਈ ਦੌਰਾਨ ਐਡਵੋਕੇਟ ਮੰਝਪੁਰ ਤੇ ਸਰਕਾਰੀ ਵਕੀਲ ਵਿਚਾਲੇ ਜ਼ੋਰਦਾਰ ਬਹਿਸ ਹੋਈ। ਬਹਿਸ ਉਪਰੰਤ ਜੱਜ ਵਰਿੰਦਰ ਕੁਮਾਰ ਨੇ ਇਸ ਮਾਮਲੇ ਵਿਚ ਭਾਈ ਹਵਾਰਾ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਭਾਈ ਹਵਾਰਾ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਹਨ।