ਸਿੱਖ ਭਾਈਚਾਰੇ ਨੂੰ ਸੌਧਾ ਸਾਧ ਦੀ ਫ਼ਿਲਮ ਦੇ ਬਾਈਕਾਟ ਦਾ ਸੱਦਾ

ਸਿੱਖ ਭਾਈਚਾਰੇ ਨੂੰ ਸੌਧਾ ਸਾਧ ਦੀ ਫ਼ਿਲਮ ਦੇ ਬਾਈਕਾਟ ਦਾ ਸੱਦਾ

ਬਠਿੰਡਾ/ਬਿਊਰੋ ਨਿਊਜ਼ :
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਦੀ ਨਵੀਂ ਫਿਲਮ ‘ਤੇ ਵਿਵਾਦ ਛਿੜ ਗਿਆ ਹੈ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਸਿੱਖ ਭਾਈਚਾਰੇ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਫਿਲਮ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ, ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਫਿਲਮ ‘ਤੇ ਪੰਜਾਬ ਵਿੱਚ ਪਾਬੰਦੀ ਲਾਈ ਜਾਵੇ। ਦੱਸਣਯੋਗ ਹੈ ਕਿ ਡੇਰਾ ਮੁਖੀ ਦੀ ਨਵੀਂ ਫਿਲਮ ‘ਐਮਐਸਜੀ ਹਿੰਦ ਕਾ ਨਾਪਾਕ ਕੋ ਜਵਾਬ’ ਪੰਜਾਬ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਸਰਜੀਕਲ ਸਟਰਾਈਕ ‘ਤੇ ਬਣਾਈ ਗਈ ਹੈ। ਅਕਾਲੀ ਉਮੀਦਵਾਰਾਂ ਵੱਲੋਂ ਵੋਟਾਂ ਖਾਤਰ ਡੇਰਾ ਸਿਰਸਾ ਜਾਣ ਮਗਰੋਂ ਡੇਰਾ ਵਿਵਾਦ ਮੁੜ ਖੜ੍ਹਾ ਹੋਣ ਲੱਗਿਆ ਹੈ।
ਪੰਜਾਬ ਸਰਕਾਰ ਨੇ ਕੁਝ ਸਮਾਂ ਪਹਿਲਾਂ ਡੇਰਾ ਮੁਖੀ ਦੀ ਫਿਲਮ ‘ਤੇ ਪਾਬੰਦੀ ਲਾਈ ਸੀ ਅਤੇ ਮਗਰੋਂ ਪੁਲੀਸ ਪਹਿਰਾ ਲਾ ਕੇ ਸਰਕਾਰ ਨੇ ਇਹ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਕਰਾ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਮੁਖੀ ਖ਼ਿਲਾਫ਼ ਹੁਕਮਨਾਮਾ ਜਾਰੀ ਹੋਇਆ ਹੈ। ਤਖ਼ਤ ਦਮਦਮਾ       ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਆਖਿਆ ਕਿ ਸਿੱਖ ਭਾਈਚਾਰਾ ਫਿਲਮ ਦਾ ਖੁੱਲ੍ਹਾ ਬਾਈਕਾਟ ਕਰੇ। ਜਥੇਦਾਰ ਨੇ ਆਖਿਆ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਚਾਹੁੰਦੇ ਹਨ ਅਤੇ ਫਿਲਮ ਲੱਗਣ ਨਾਲ ਹਾਲਾਤ ਖਰਾਬ ਹੁੰਦੇ ਹਨ ਤਾਂ ਉਸ ਲਈ ਡੇਰਾ ਜ਼ਿੰਮੇਵਾਰ ਹੋਵੇਗਾ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਨੇ ਆਖਿਆ ਕਿ ਕੋਈ ਵੀ ਸਿੱਖ ਇਹ ਫਿਲਮ ਦੇਖਣ ਨਾ ਜਾਵੇ ਅਤੇ ਪੰਜਾਬ ਦੇ ਲੋਕ ਇਸ ਦਾ ਬਾਈਕਾਟ ਕਰਨ। ਉਨ੍ਹਾਂ ਆਖਿਆ ਕਿ ਜੋ ਵੀ ਅਕਾਲ ਤਖ਼ਤ ਸਾਹਿਬ ਨੂੰ ਮੰਨਦਾ ਹੈ, ਉਹ ਫਿਲਮ ਤੋਂ ਦੂਰ ਰਹੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਫਿਲਮ ‘ਤੇ ਪੰਜਾਬ ਵਿੱਚ ਪਾਬੰਦੀ ਲਾਈ ਜਾਵੇ। ਉਨ੍ਹਾਂ ਆਖਿਆ ਕਿ ਫਿਲਮ ਲੱਗਣ ਤੋਂ ਲੋਕ ਭੜਕ ਸਕਦੇ ਹਨ, ਜਿਸ ਕਰ ਕੇ ਇਸ ‘ਤੇ ਪਾਬੰਦੀ ਲਾਉਣੀ ਬਣਦੀ ਹੈ। ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਇਨ੍ਹਾਂ ਫਿਲਮਾਂ ਨੂੰ ਪਹਿਲਾਂ ਵੀ ਸਿਰਫ਼ ਡੇਰਾ ਪ੍ਰੇਮੀ ਹੀ ਦੇਖਦੇ ਹਨ, ਪੰਜਾਬ ਦੇ ਲੋਕਾਂ ਨੇ ਕਦੇ ਡੇਰਾ ਮੁਖੀ ਦੀ ਫਿਲਮ ਨਹੀਂ ਵੇਖੀ। ਦੂਜੇ ਪਾਸੇ ਐਸਐਸਪੀ ਸਵੱਪਨ ਸ਼ਰਮਾ ਦਾ ਕਹਿਣਾ ਹੈ ਕਿ ਫਿਲਮ ਰਿਲੀਜ਼ ਦੇ ਮਾਮਲੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਤਣਾਅ ਨਹੀਂ ਹੈ।
ਇਸੇ ਦੌਰਾਨ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਇਸ ਫਿਲਮ ਕੁਝ ਵੀ ਇਤਰਾਜ਼ਯੋਗ ਨਹੀਂ ਹੈ, ਸਗੋਂ ਇਹ ਫਿਲਮ ਦੇਸ਼ ਭਗਤੀ ਦੇ ਜਜ਼ਬੇ ਨੂੰ ਵਧਾਏਗੀ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਫਿਲਮ ਨੂੰ ਚੰਗਾ ਹੁੰਗਾਰਾ ਮਿਲਣ ਦੀ ਸੰਭਾਵਨਾ ਹੈ।