ਮੋਦੀ ਨੇ ਕੀਤੀ ਟਿੱਚਰ ਤੇ ਭਗਵੰਤ ਮਾਨ ਨੇ ਵੀ ਦਿੱਤਾ ਠੋਕਵਾਂ ਜਵਾਬ

ਮੋਦੀ ਨੇ ਕੀਤੀ ਟਿੱਚਰ ਤੇ ਭਗਵੰਤ ਮਾਨ ਨੇ ਵੀ ਦਿੱਤਾ ਠੋਕਵਾਂ ਜਵਾਬ

ਚੰਡੀਗੜ੍ਹ/ਬਿਊਰੋ ਨਿਊਜ਼ :
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਸੰਸਦ ਵਿਚ ਆਹਮੋ-ਸਾਹਮਣੇ ਹੋ ਗਏ। ਮੋਦੀ ਨੇ ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਨ ‘ਤੇ ਬਹਿਸ ਦੌਰਾਨ ਸ਼ਰਾਬ ਵੱਲ ਇਸ਼ਾਰਾ ਕਰਕੇ ਭਗਵੰਤ ਮਾਨ ਨੂੰ ਟਿੱਚਰ ਕੀਤੀ। ਇਸ ਗੱਲ਼ ਤੋਂ ਭਗਵੰਤ ਮਾਨ ਵੀ ਤਾਅ ਵਿਚ ਆ ਗਏ। ਉਹ ਸੰਸਦ ਵਿੱਚ ਤਾਂ ਕੁਝ ਨਹੀਂ ਬੋਲੇ ਪਰ ਸੰਸਦ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਸੰਸਦ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਈ ਹੈ।
ਮਾਨ ਨੇ ਕਿਹਾ ਕਿ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਨ ਦੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਉੱਤਰ ਦਿੰਦੇ ਹੋਏ ਦੇਸ਼ ਦੀ ਜਨਤਾ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਨਿੱਜੀ ਹਮਲੇ ਕੀਤੇ ਤੇ ਕੰਪਨੀਆਂ ਦੇ ਨਾਂ ਲਏ। ਇਸ ਤਰ੍ਹਾਂ ਦਾ ਵਰਤਾਅ ਸੰਸਦ ਵਿਚ ਨਹੀਂ ਕੀਤਾ ਜਾਂਦਾ।
ਭਗਵੰਤ ਮਾਨ ਤੋਂ ਜਦੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀ ਗਈ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੋਦੀ ਨੇ ਸੰਸਦ ਦੇ ਨਿਯਮਾਂ ਨੂੰ ਤੋੜਿਆ ਹੈ। ਨਿੱਜੀ ਨਾਮ ਲਏ ਹਨ ਤੇ ਜੀਓ ਕੰਪਨੀ ਦਾ ਨਾਂ ਵੀ ਆਪਣੇ ਭਾਸ਼ਨ ਵਿਚ ਲਿਆ ਹੈ।
ਕਾਬਲੇਗੌਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੰਸਕ੍ਰਿਤ ਦਾ ਇੱਕ ਸਲੋਕ ਪੜ੍ਹਿਆ ਸੀ, ਜਿਸ ਵਿਚ ਕਰਜ਼ਾ ਲੈ ਕੇ ਘਿਓ ਪੀਣ ਦੀ ਗੱਲ ਕਹੀ ਗਈ ਹੈ। ਇਸੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਭਗਵੰਤ ਮਾਨ ਹੁੰਦੇ ਤਾਂ ਕੁਝ ਹੋਰ ਪੀਣ ਦੀ ਗੱਲ ਕਰਦੇ। ਮੋਦੀ ਦੇ ਇੰਨਾ ਕਹਿੰਦੇ ਹੀ ਭਗਵੰਤ ਮਾਨ ਸੰਸਦ ਵਿਚ ਖੜ੍ਹੇ ਹੋ ਕੇ ਜਵਾਬ ਦੇਣ ਲੱਗੇ।