ਅਕਾਲ ਤਖ਼ਤ ਦੇ ਹੁਕਮਾਂ ‘ਤੇ ਸ਼੍ਰੋਮਣੀ ਕਮੇਟੀ ਡੇਰੇ ਜਾਣ ਵਾਲੇ ਸਿੱਖ ਉਮੀਦਵਾਰਾਂ ਖ਼ਿਲਾਫ਼ ਕਰਵਾਏਗੀ ਜਾਂਚ

ਅਕਾਲ ਤਖ਼ਤ ਦੇ ਹੁਕਮਾਂ ‘ਤੇ ਸ਼੍ਰੋਮਣੀ ਕਮੇਟੀ ਡੇਰੇ ਜਾਣ ਵਾਲੇ ਸਿੱਖ ਉਮੀਦਵਾਰਾਂ ਖ਼ਿਲਾਫ਼ ਕਰਵਾਏਗੀ ਜਾਂਚ

ਅੰਮ੍ਰਿਤਸਰ/ਬਿਊਰੋ ਨਿਊਜ਼ :
ਡੇਰਾ ਸਿਰਸਾ ਤੋਂ ਹਮਾਇਤ ਪ੍ਰਾਪਤ ਕਰਨ ਵਾਲੇ ਸਿਆਸੀ ਸਿੱਖ ਉਮੀਦਵਾਰਾਂ ਖ਼ਿਲਾਫ਼ ਅਕਾਲ ਤਖ਼ਤ ਤੋਂ ਕਾਰਵਾਈ ਦੇ ਆਦੇਸ਼ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਸਾਰੇ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਜਾਵੇਗਾ। ਕਮੇਟੀ ਜਾਂਚ ਮੁਕੰਮਲ ਕਰਨ ਮਗਰੋਂ ਰਿਪੋਰਟ ਅਕਾਲ ਤਖ਼ਤ ਨੂੰ ਸੌਂਪੇਗੀ। ਇਸ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਨੇ ਵੀ ਅਕਾਲ ਤਖ਼ਤ ਨੂੰ ਇਸ ਸਬੰਧੀ ਸ਼ਿਕਾਇਤ ਭੇਜਣ ਦਾ ਫ਼ੈਸਲਾ ਕੀਤਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਜਿਵੇਂ ਹੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਡੇਰਾ ਸਿਰਸਾ ਜਾਣ ਵਾਲੇ ਸਿੱਖ ਉਮੀਦਵਾਰਾਂ ਦੀ ਜਾਂਚ ਸਬੰਧੀ ਲਿਖਤੀ ਆਦੇਸ਼ ਪ੍ਰਾਪਤ ਹੋਣਗੇ, ਤੁਰੰਤ ਜਾਂਚ ਕਮੇਟੀ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਮੇਟੀ ਨੂੰ ਅਕਾਲ ਤਖ਼ਤ ਵੱਲੋਂ ਜਾਰੀ ਹੁਕਮਾਂ ਬਾਰੇ ਮੀਡੀਆ ਤੋਂ ਹੀ ਜਾਣਕਾਰੀ ਮਿਲੀ ਹੈ।
ਇਸ ਦੌਰਾਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਅੱਜ ਕੀਤੀ ਹੰਗਾਮੀ ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਸ਼ਿਕਾਇਤ ਪੱਤਰ ਭੇਜ ਕੇ ਡੇਰਾ ਸਿਰਸਾ ਜਾਣ ਵਾਲੇ ਸਿੱਖ ਉਮੀਦਵਾਰਾਂ ਖ਼ਿਲਾਫ਼ ਕਾਰਵਾਈ ਲਈ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਜਾ ਕੇ ਸਿਆਸੀ ਹਮਾਇਤ ਮੰਗਣ ਵਾਲੇ ਸਿੱਖ ਉਮੀਦਵਾਰਾਂ ਖ਼ਿਲਾਫ਼ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਬੰਧ ਵਿੱਚ ਅਕਾਲ ਤਖ਼ਤ ਵੱਲੋਂ 2007 ਵਿੱਚ ਹੁਕਮਨਾਮਾ ਜਾਰੀ ਕਰਾਇਆ ਸੀ। ਡੇਰੇ ‘ਤੇ ਜਾਣ ਵਾਲੇ ਸਿੱਖ ਉਮੀਦਵਾਰਾਂ ਨੇ ਇਸ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਅਤੇ ਹੁਕਮਨਾਮੇ ਦੀ ਉਲੰਘਣਾ ਦੇ ਕਥਿਤ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤ ਪੱਤਰ ਦੀ ਇਕ ਕਾਪੀ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਵੀ ਭੇਜੀ ਗਈ ਹੈ।
ਇਸ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਵੀ ਅਕਾਲ ਤਖ਼ਤ ਵਿਖੇ ਸ਼ਿਕਾਇਤ ਪੱਤਰ ਭੇਜਿਆ ਜਾ ਚੁੱਕਾ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸੀ ਕਿ ਡੇਰਾ ਸਿਰਸਾ ਤੋਂ ਸਿਆਸੀ ਹਮਾਇਤ ਲੈਣ ਗਏ ਸਿੱਖ ਉਮੀਦਵਾਰਾਂ ਨੇ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣੀ ਕੀਤੀ ਹੈ। 2007 ਵਿੱਚ ਜਾਰੀ ਹੋਇਆ ਇਹ ਹੁਕਮਨਾਮਾ ਕਾਇਮ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਨੂੰ ਜਾਂਚ ਦੇ ਆਦੇਸ਼ ਦਿੱਤੇ ਸਨ। ਡੇਰੇ ਵਿੱਚ ਜਾਣ ਵਾਲੇ ਉਮੀਦਵਾਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਸਮੇਤ ਹੋਰ ਕਈ ਸ਼ਾਮਲ ਸਨ। ਸ੍ਰੀ ਮਲੂਕਾ ਨੂੰ ਕੁਝ ਦਿਨ ਪਹਿਲਾਂ ਹੀ ਅਰਦਾਸ ਨਕਲ ਮਾਮਲੇ ਵਿੱਚ ਅਕਾਲ ਤਖ਼ਤ ਤੋਂ ਤਨਖਾਹ ਲਾਈ ਗਈ ਸੀ, ਜਿਸ ਨੂੰ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੂਰਾ ਕੀਤਾ ਸੀ। ਤਨਖਾਹ ਪੂਰੀ ਕਰਨ ਮਗਰੋਂ ਉਨ੍ਹਾਂ ਮੁੜ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ।