ਪਾਕਿ : ਅਦਾਲਤੀ ਹੁਕਮਾਂ ‘ਤੇ ਗੁਰਦੁਆਰਾ ਅਰਾਮ ਬਾਗ਼ ਸਿੱਖ ਭਾਈਚਾਰੇ ਨੂੰ ਸੌਂਪਿਆ

ਪਾਕਿ : ਅਦਾਲਤੀ ਹੁਕਮਾਂ ‘ਤੇ ਗੁਰਦੁਆਰਾ ਅਰਾਮ ਬਾਗ਼ ਸਿੱਖ ਭਾਈਚਾਰੇ ਨੂੰ ਸੌਂਪਿਆ

ਕਰਾਚੀ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਆਬਾਦੀ ਅਰਾਮ ਬਾਗ਼ ਵਿਚ ਮੌਜੂਦ ਗੁਰਦੁਆਰੇ ਦਾ ਕਬਜ਼ਾ ਸੁਪਰੀਮ ਕੋਰਟ ਵੱਲੋਂ ਸਥਾਨਕ ਸਿੱਖ ਭਾਈਚਾਰੇ ਨੂੰ ਸੌਂਪਿਆ ਗਿਆ। ਦੱਸਣਯੋਗ ਹੈ ਕਿ ਸ਼ਹਿਰ ਦੀ ਆਬਾਦੀ ਅਰਾਮ ਬਾਗ਼ ਵਿਚ ਮੌਜੂਦ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ ਦਰਬਾਰ ਦਾ ਨਿਰਮਾਣ 1936 ਵਿਚ ਕੀਤਾ ਗਿਆ ਸੀ। 21 ਜੁਲਾਈ 1993 ਨੂੰ ਇਕ ਵਿਵਾਦ ਦੇ ਬਾਅਦ ਸੂਬਾ ਸਿੰਧ ਸਰਕਾਰ ਦੁਆਰਾ ਇਹ ਅਸਥਾਨ ਸੀਲ ਕਰ ਦਿੱਤਾ ਗਿਆ। ਉਸ ਦੇ ਬਾਅਦ 11 ਅਕਤੂਬਰ 2004 ਨੂੰ ਕੋਈ ਛੇ ਕੁ ਮਹੀਨੇ ਲਈ ਕਰਾਚੀ ਦੇ ਸਿੱਖਾਂ ਦੇ ਕੋਰਟ ਵਿਚੋਂ ਕੇਸ ਜਿੱਤ ਲੈਣ ਤੋਂ ਬਾਅਦ ਇਹ ਅਸਥਾਨ ਖੋਲ੍ਹਿਆ ਗਿਆ, ਪਰ ਫਿਰ ਮੁੜ 2005 ਵਿਚ ਬੰਦ ਕਰ ਦਿੱਤਾ ਗਿਆ। ਸੁਪਰੀਮ ਕੋਰਟ ਵਿਚ ਗੁਰਦੁਆਰੇ ਦੇ ਕਬਜ਼ੇ ਨੂੰ ਲੈਣ ਲਈ ਚੱਲ ਰਹੇ ਕੇਸ ਦੀ ਅੰਤਿਮ ਸੁਣਵਾਈ ਦੇ ਬਾਅਦ ਅਦਾਲਤ ਨੇ ਇਸ ਕੇਸ ਦੀ ਪੈਰਵੀ ਕਰਨ ਵਾਲੇ ਵਕੀਲ ਹੀਰਾ ਸਿੰਘ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਗੁਰਦੁਆਰੇ ਦੀਆਂ ਚਾਬੀਆਂ ਉਨ੍ਹਾਂ ਨੂੰ ਸੌਂਪ ਦਿੱਤੀਆਂ। ਵਕੀਲ ਹੀਰਾ ਸਿੰਘ ਨੇ ਦੱਸਿਆ ਕਿ 560 ਸਕਵੇਅਰ ਗਜ਼ ਵਿਚ ਬਣਿਆ ਇਹ ਗੁਰਦੁਆਰਾ ਅੱਜ ਵੀ ਚੰਗੀ ਹਾਲਤ ਵਿਚ ਮੌਜੂਦ ਹੈ, ਪਰ ਲੰਬੇ ਸਮੇਂ ਤਕ ਬੰਦ ਰਹਿਣ ਕਾਰਨ ਪਾਕਿ ਸਿੱਖ ਸੰਗਤ ਦੇ ਸਹਿਯੋਗ ਨਾਲ ਜਲਦੀ ਇਸ ਦਾ ਨਵਨਿਰਮਾਣ ਕਰਵਾਇਆ ਜਾਵੇਗਾ।