ਲੰਬੀ ਦੇ ਵੋਟਰ ਬਾਦਲਾਂ ਤੋਂ ਨਾਰਾਜ਼

ਲੰਬੀ ਦੇ ਵੋਟਰ ਬਾਦਲਾਂ ਤੋਂ ਨਾਰਾਜ਼

ਲੰਬੀ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਆਪਣੇ ਜੀਵਨ ਦੀ ਸਭ ਤੋਂ ਮੁਸ਼ਕਲ ਚੋਣ ਲੜਾਈ ਲੜ ਰਹੇ ਹਨ। ਲੰਬੀ ਹਲਕੇ ਵਿੱਚ ਅਰਬਾਂ ਰੁਪਏ ਖਰਚ ਕੇ ਤਿਆਰ ਬੁਨਿਆਦੀ ਢਾਂਚੇ ਅਤੇ ਪਿੰਡਾਂ ਨੂੰ ਦਿੱਤਾ ਕਰੋੜਾਂ ਰੁਪਇਆ ਹੀ ਸ੍ਰੀ ਬਾਦਲ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ ਕਿਉਂਕਿ ਬਹੁਤ ਸਾਰੇ ਪੈਸੇ ਦੇ ਗਾਇਬ ਹੋਣ ਦੀਆਂ ਸ਼ਿਕਾਇਤਾਂ ਬਾਰੇ ਉਨ੍ਹਾਂ ਨੇ ਖੁਦ ਵੀ ਚੁੱਪੀ ਧਾਰ ਰੱਖੀ ਹੈ। ਸੀਨੀਅਰ ਪੱਤਰਕਾਰ ਹਮੀਰ ਸਿੰਘ ਵਲੋਂ ਹਲਕੇ ਦੇ ਦੌਰੇ ਦੌਰਾਨ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਜਰਨੈਲ ਸਿੰਘ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਰਨ ਤੋਂ ਬਾਅਦ ਸਥਿਤੀ ਹੋਰ ਉਲਝ ਗਈ ਹੈ। ਕੈਪਟਨ ਦੀ ਆਮਦ ਨਾਲ ਹਲਕੇ ਵਿੱਚ ਤਿਕੋਣੀ ਅਤੇ ਫਸਵੀਂ ਲੜਾਈ ਹੋ ਗਈ ਹੈ। ਲੰਬੀ ਦੇ ਲੋਕ ਇਸ ਵਾਰ ਤਬਦੀਲੀ ਦੇ ਰੌਂਅ ਵਿੱਚ ਹਨ। ਹਰ ਪਾਰਟੀ ਦਾ ਸਿਆਸੀ ਕਾਰਕੁਨ ਇਹ ਮੰਨ ਰਿਹਾ ਹੈ ਕਿ ਬਾਦਲਾਂ ਦੇ ਕਾਰਕੁਨਾਂ ਵੱਲੋਂ ਫੰਡਾਂ ਦਾ ਦੁਰਉਪਯੋਗ ਕੀਤਾ ਗਿਆ, ਪੁਲੀਸ ਰਾਹੀਂ ਜ਼ਿਆਦਤੀਆਂ ਕਰਵਾਈਆਂ ਗਈਆਂ ਅਤੇ ਆਮ ਲੋਕਾਂ ਨੂੰ ਜੀ-ਹਜ਼ੂਰੀ ਕਰਨ ਲਈ ਮਜਬੂਰ ਕੀਤਾ ਗਿਆ। ਲੋਕਾਂ ਦੀ ਨਫ਼ਰਤ ਵਿੱਚ ਬਦਲ ਚੁੱਕੀ ਨਾਰਾਜ਼ਗੀ ਦੀ ਗੱਲ ਹਰ ਘਰ ਅਤੇ ਸੱਥ ਵਿੱਚ ਹੋ ਰਹੀ ਹੈ। ਕਾਂਗਰਸ ਅਤੇ ‘ਆਪ’ ਦੇ ਦਫ਼ਤਰਾਂ ਦਾ ਮਾਹੌਲ ਦੇਖਦਿਆਂ ਹੀ ਸਮਝ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਲੰਬੀ ਵਿੱਚ ਨਵੀਂ ਸਫਬੰਦੀ ਜਨਮ ਲੈ ਰਹੀ ਹੈ। ਦਲਿਤ ਵੋਟਰ ‘ਆਪ’ ਵੱਲ ਅਤੇ ਅਕਾਲੀ ਦਲ ਤੋਂ ਨਾਰਾਜ਼ ਜੱਟ ਵੋਟਰਾਂ ਦਾ ਕਾਂਗਰਸ ਵੱਲ ਜਾਣ ਦਾ ਰੁਝਾਨ ਵਧ ਰਿਹਾ ਹੈ। ਕੈਪਟਨ ਦੇ ਆਉਣ ਨਾਲ ਨਾ ਕੇਵਲ ਕਾਂਗਰਸ ਦਾ ਆਪਣਾ ਵੋਟ ਬੈਂਕ ਇੱਕਜੁਟ ਹੋਇਆ ਹੈ ਬਲਕਿ ਮਾਹੌਲ ਤਬਦੀਲ ਕਰਨ ਦੇ ਨਾਂ ’ਤੇ ਅਕਾਲੀ ਦਲ ਦੇ ਨਾਰਾਜ਼ ਗੁੱਟ ਵੀ ਉਨ੍ਹਾਂ ਦੇ ਖੇਮੇ ਵਿੱਚ ਜਾਣ ਲੱਗੇ ਹਨ। ‘ਆਪ’ ਦੇ ਇੱਕ ਆਗੂ ਨੇ ਮੰਨਿਆ ਕਿ ਪਹਿਲਾਂ ਲੜਾਈ ਆਸਾਨ ਸੀ। ਜਰਨੈਲ ਸਿੰਘ ਦੇ ਬਾਹਰੀ ਹੋਣ ਅਤੇ ਗੈਰ-ਜੱਟ ਹੋਣ ਦਾ ਮਾਮਲਾ ਵੀ ਕਿਸੇ ਹੱਦ ਤੱਕ ਅਸਰ ਕਰ ਰਿਹਾ ਹੈ। ‘ਆਪ’ ਨੂੰ ਲਾਹੌਰੀਆਂ ਦੇ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਕਰਕੇ ਸਰਕਾਰ ਖ਼ਿਲਾਫ਼ ਗੁੱਸੇ ਦਾ ਲਾਭ ਵੀ ਮਿਲਦਾ ਦਿਖਾਈ ਦੇ ਰਿਹਾ ਹੈ।
ਅਕਾਲੀ ਦਲ ਵੱਲੋਂ ਆਖਰੀ ਮੌਕੇ ਧਨ ਅਤੇ ਬਾਹੂਬਲ ਦੇ ਜ਼ੋਰ ਜਿੱਤ ਹਾਸਲ ਕਰਨ ਦੀ ਸ਼ੰਕਾ ਦੇ ਚੱਲਦਿਆਂ ਕਾਂਗਰਸ ਆਗੂ ਵੀ ‘ਆਪ’ ਵਾਂਗ ਹੀ ਲੋਕਾਂ ਨੂੰ ਪੈਸਾ ਲੈ ਕੇ ਵੋਟ ਮਰਜ਼ੀ ਅਨੁਸਾਰ ਪਾਉਣ ਦੀਆਂ ਅਪੀਲਾਂ ਕਰ ਰਹੇ ਹਨ। ਲੰਬੀ ਨੇੜਲੇ ਪਿੰਡ ਚੰਨੂ ਵਿੱਚ ਅਕਾਲੀ ਦਲ ਵਿਚੋਂ ਛੇ ਪੰਚਾਇਤ ਮੈਂਬਰਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਲਈ ਰਾਤ ਨੌਂ ਵਜੇ ਹੋਈ ਮੀਟਿੰਗ ਵਿੱਚ ਪਾਰਟੀ ਦੇ ਮੁਕਤਸਰ ਜ਼ਿਲ੍ਹੇ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ, ‘‘ਪੈਸੇ ਵੰਡੇ ਜਾਣਗੇ, ਇਹ ਉਨ੍ਹਾਂ ਨੇ ਲੋਕਾਂ ਤੋਂ ਹੀ ਕਮਾਏ ਹਨ, ਇਸ ਲਈ ਲੈ ਲਿਓ।’’ ਲੰਬੀ ਅਤੇ ਬਾਦਲ ਵਿੱਚ ਵਿਕਾਸ ਦੇ ਸਹਾਰੇ ਵੋਟਰਾਂ ਨੂੰ ਆਪਣੇ ਨਾਲ ਤੋਰਨ ਦੀ ਕੋਸ਼ਿਸ਼ ਕਰ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਸਰਪ੍ਰਸਤੀ ਹੇਠ ਮਨਮਾਨੀਆਂ ਕਰਨ ਵਾਲੇ ਆਗੂਆਂ ਖ਼ਿਲਾਫ਼ ਲੋਕਾਂ ਦੀ ਸ਼ਿਕਾਇਤ ਨਾ ਸੁਣਨ ਕਾਰਨ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿਛਲੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸਿੰਘ ਬਾਦਲ ਜਾਂ ਉਨ੍ਹਾਂ ਦੇ ਮੋਹਤਬਰਾਂ ਨੇ ਜਨਤਕ ਮੀਟਿੰਗਾਂ ਬਾਰੇ ਖਾਮੋਸ਼ੀ ਧਾਰ ਰੱਖੀ ਹੈ। ਲੰਬੀ ਦੇ ਇੱਕ ਦੁਕਾਨਦਾਰ ਨੇ ਕਿਹਾ ਕਿ ਲੋਕ ਇਸ ਵਾਰ ਅਲੱਗ ਤਰ੍ਹਾਂ ਦੇ ਨਤੀਜੇ ਦੇਣ ਦੇ ਰੌਂਅ ਵਿੱਚ ਹਨ ਪ੍ਰੰਤੂ ਬਾਦਲਾਂ ਦੀ ਖਾਮੋਸ਼ੀ ਕੋਈ ਨਵਾਂ ਧੋਬੀ ਪਟਕਾ ਵੀ ਮਾਰ ਸਕਦੀ ਹੈ। ਇੱਕ ਹੋਰ ਆਗੂ ਨੇ ਕਿਹਾ ਕਿ ਡੇਰਾ ਸਿਰਸਾ ਦੀ ਵੋਟ ਲਈ ਬਾਦਲ ਪਰਿਵਾਰ ਗੁਪਤ ਤਰੀਕੇ ਨਾਲ ਚਾਰਾਜੋਈ ਕਰ ਰਿਹਾ ਹੈ। ਪਿੰਡ ਬਾਦਲ ਦੇ ਇੱਕ ਦੁਕਾਨਦਾਰ ਨੇ ਕਿਹਾ ਕਿ ਵਿਕਾਸ ਤਾਂ ਕਰਵਾਇਆ ਹੈ ਪ੍ਰੰਤੂ ਲੋਕ ਗੁੰਡਾਗਰਦੀ ਤੋਂ ਤੰਗ ਹਨ ਅਤੇ ਉਹ ਮਾਣ-ਸਨਮਾਨ ਵੀ ਚਾਹੁੰਦੇ ਹਨ। ਦੂਜੇ ਪਾਸੇ ਬਾਦਲ ਸਮਰਥਕਾਂ ਨੂੰ ਬਰਾਬਰ ਦੀ ਤਿਕੋਣੀ ਟੱਕਰ ਹੋਣ ਕਰਕੇ ਕੰਮ ਕੁਝ ਆਸਾਨ ਹੁੰਦਾ ਨਜ਼ਰ ਆ ਰਿਹਾ ਹੈ।