ਧਾਰਮਿਕ ਅਵੱਗਿਆ ਕਰਨ ਦੇ ਮਾਮਲਿਆਂ ‘ਚ ਅਕਾਲ ਤਖ਼ਤ ਵਿਖੇ ਪੇਸ਼ ਨਾ ਹੋਣ ਕਾਰਨ ਮੁਤਵਾਜ਼ੀ ਜਥੇਦਾਰਾਂ ਵੱਲੋਂ ਮਲੂਕਾ ਤੇ ਬਾਬਾ ਪਿੱਪਲੀ ਵਾਲੇ ਤਨਖਾਹੀਆ ਕਰਾਰ

ਧਾਰਮਿਕ ਅਵੱਗਿਆ ਕਰਨ ਦੇ ਮਾਮਲਿਆਂ ‘ਚ ਅਕਾਲ ਤਖ਼ਤ ਵਿਖੇ ਪੇਸ਼ ਨਾ ਹੋਣ ਕਾਰਨ ਮੁਤਵਾਜ਼ੀ ਜਥੇਦਾਰਾਂ ਵੱਲੋਂ ਮਲੂਕਾ ਤੇ ਬਾਬਾ ਪਿੱਪਲੀ ਵਾਲੇ ਤਨਖਾਹੀਆ ਕਰਾਰ

ਅੰਮ੍ਰਿਤਸਰ/ਬਿਊਰੋ ਨਿਊਜ਼:
ਮੁਤਵਾਜ਼ੀ ਜਥੇਦਾਰਾਂ ਨੇ ਸਿੰਕਦਰ ਸਿੰਘ ਮਲੂਕਾ, ਬਾਬਾ ਸਤਨਾਮ ਸਿੰਘ ਪਿੱਪਲੀ ਵਾਲਿਆਂ, ਸ਼੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਤੇ ਸਤਨਾਮ ਸਿੰਘ ਭਾਈਰੂਪਾ ਨੂੰ ਆਪਣਾ ਆਪਣਾ ਪੱਖ ਰੱਖਣ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੱਦੇ ਜਾਣ ‘ਤੇ ਹਾਜ਼ਰ ਨਾ ਹੋਣ ‘ਤੇ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਮੇਜਰ ਸਿੰਘ ਤੇ ਭਾਈ ਸੂਬਾ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਸਿੱਖਾਂ ਦੀ ਪਵਿੱਤਰ ਅਰਦਾਸ ਦੀ ਨਕਲ ਕਰਨ ਦੇ ਮਾਮਲੇ ਸਬੰਧੀ ਸਿਕੰਦਰ ਸਿੰਘ ਮਲੂਕਾ, ਮੇਜਰ ਸਿੰਘ ਤੇ ਸਤਨਾਮ ਸਿੰਘ ਭਾਈਰੂਪਾ ਨੂੰ ਅਤੇ ਸਿੱਖ ਇਤਿਹਾਸ ਸੰਬਧੀ ਇਤਰਾਜ਼ਯੋਗ ਟਿੱਪਣੀਆ ਕਰਨ ‘ਤੇ ਨੀਲਧਾਰੀ ਸੰਪਰਦਾ ਦੇ ਬਾਬਾ ਸਤਨਾਮ ਸਿੰਘ ਪਿੱਪਲੀ ਵਾਲੇ ਨੂੰ ਤਨਖਾਹੀਆ ਕਰਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਦੇਸ਼ ਜਾਰੀ ਕੀਤਾ ਕਿ ਇਨ੍ਹਾਂ ਨਾਲ ਸਿੱਖ ਸੰਗਤਾਂ ਕੋਈ ਤਾਲਮੇਲ ਨਾ ਰੱਖਣ। ਇਨ੍ਹਾਂ ਖਿਲਾਫ 23 ਫਰਵਰੀ ਨੂੰ ਧਾਰਮਿਕ ਸਜ਼ਾ ਲਗਾਈ ਜਾਵੇਗੀ।
ਇਸ ਦੌਰਾਨ ਉਨ੍ਹਾਂ ਨੇ ਨਿੱਤ ਦਿਨ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਦੀ ਨਿੰਦਾ ਕੀਤੀ। ਉਨ੍ਹਾਂ ਬੀਤੇ ਦਿਨ ਨਵਜੋਤ ਸਿੰਘ ਸਿੱਧੂ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਨੂੰ ਗਲਤ ਢੰਗ ਵਿਚ ਪੇਸ਼ ਕੀਤੇ ਜਾਣ ਦੀ ਚਲ ਰਹੀ ਚਰਚਾ ‘ਤੇ ਕਿਹਾ ਕਿ ਇਸ ਸਬੰਧ ਵਿਚ ਉਨ੍ਹਾਂ ਕੋਲ ਸ਼ਿਕਾਇਤਾਂ ਆਈਆਂ ਹਨ ਪਰ ਕੋਈ ਸਬੂਤ ਨਹੀਂ ਆਇਆ।