ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਪੰਥਕ ਕਨਵੈਨਸ਼ਨ ‘ਚ ਗੁਰਦੁਆਰਾ ਚੋਣਾਂ ਬਾਰੇ ਵਿਚਾਰਾਂ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਪੰਥਕ ਕਨਵੈਨਸ਼ਨ ‘ਚ ਗੁਰਦੁਆਰਾ ਚੋਣਾਂ ਬਾਰੇ ਵਿਚਾਰਾਂ

ਗੋਲਕਾਂ ਲੁੱਟਣ ਵਾਲੇ ਬਾਦਲ ਦਲ ਨੂੰ ਚੋਣਾਂ ‘ਚ ਸਬਕ ਸਿਖਾਵਾਂਗੇ : ਸਰਨਾ
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਗੁਰਦੁਆਰਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਪੱਛਮੀ ਦਿੱਲੀ ਦੇ ਚੌਖੰਡੀ ਇਲਾਕੇ ‘ਚ ਪੰਥਕ ਕਨਵੈਨਸ਼ਨ ਕੀਤੀ ਗਈ, ਜਿਸ ਵਿਚ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਦੇ ਸਮੂਹ ਸਿੱਖਾਂ ਨੂੰ ਗੁਰਦੁਆਰਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹੱਕ ਵਿਚ ਭੁਗਤਨ ਦਾ ਸੱਦਾ ਦਿੱਤਾ ਗਿਆ ਅਤੇ ਬਾਦਲ ਦਲ ਦੇ ਝੂਠ ਦਾ ਪਰਦਾਫਾਸ਼ ਕੀਤਾ ਗਿਆ। ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ ਅਤੇ ਤਰਸੇਮ ਸਿੰਘ ਖਾਲਸਾ ਨੇ ਪੰਥਕ ਵਿਚਾਰਾਂ ਸਾਂਝੀਆਂ ਕਰਦਿਆਂ ਬਾਦਲ ਦਲ ਦੇ ਸਿੱਖੀ ਵਿਰੋਧੀ ਏਜੰਡੇ ਤੋਂ ਸੰਗਤਾਂ ਨੂੰ ਸੁਚੇਤ ਕੀਤਾ। ਪੱਛਮੀ ਦਿੱਲੀ ਦੇ ਚੋਣ ਹਲਕਿਆਂ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੰਭਾਵੀ ਉਮੀਦਵਾਰ, ਯੂਥ ਵਿੰਗ ਅਤੇ ਸੀਨੀਅਰ ਆਗੂਆਂ ਸਮੇਤ ਵੱਡੀ ਗਿਣਤੀ ‘ਚ ਸਿੱਖ ਸੰਗਤ ਇਸ ਮੌਕੇ ਹਾਜ਼ਰ ਸੀ।
ਸ. ਸਰਨਾ ਨੇ ਮੌਜੂਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਸਮੇਤ ਬਾਦਲ ਦਲੀਆਂ ‘ਤੇ ਵਰ੍ਹਦਿਆਂ ਕਿਹਾ ਕਿ ਦੁਨੀਆ ਭਰ ਦੇ ਸਿੱਖਾਂ ਨੂੰ ਹੁਣ ਚੰਗੀ ਤਰ੍ਹਾਂ ਪਤਾ ਚਲ ਚੁੱਕਾ ਹੈ ਕਿ ਬਾਦਲ ਦਲ ਨੇ ਪਿਛਲੀਆਂ ਗੁਰਦੁਆਰਾ ਚੋਣਾਂ ਦੌਰਾਨ ਸਾਡੇ ਖ਼ਿਲਾਫ਼ ਕਿੰਨਾ ਝੂਠ ਬੋਲਿਆ ਸੀ, ਇਹੀ ਨਹੀਂ ਸਗੋਂ ਦਿੱਲੀ ਕਮੇਟੀ ਦੇ ਪਿਛਲੇ 4 ਸਾਲ ਦੇ ਕਾਰਜਕਾਲ ਦੌਰਾਨ ਗੋਲਕ ਦੀ ਲੁੱਟ-ਖਸੁੱਟ ਕਰਨ ਤੋਂ ਇਲਾਵਾ ਬਾਦਲ ਦਲ ਨੇ ਹਰ ਚੀਜ਼ ਨੂੰ ਮਿੱਟੀ ਬਣਾ ਕੇ ਰੱਖ ਦਿੱਤਾ ਹੈ। ਸ. ਸਰਨਾ ਨੇ ਕਿਹਾ ਕਿ ਗੋਲਕ ਲੁੱਟ ਕੇ ਜਹਾਜ਼ਾਂ ਦੀਆਂ ਸੈਰਾਂ ਕਰਨ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਕਸੂਰਵਾਰ ਬਾਦਲ ਦਲ ਨੂੰ ਸਬਕ ਸਿਖਾਉਣ ਲਈ ਬਹੁਤ ਹੀ ਜ਼ਰੂਰੀ ਹੈ ਕਿ ਸਾਰੇ 46 ਹਲਕਿਆਂ ‘ਚ ਬਾਦਲ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਈਆਂ ਜਾਣ। ਸ. ਸਰਨਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਤੈਅ ਸਮੇਂ ਮੁਤਾਬਕ 29 ਜਨਵਰੀ 2017 ਨੂੰ ਗੁਰਦੁਆਰਾ ਚੋਣਾਂ ਹੋ ਜਾਣਗੀਆਂ ਪਰ ਬਾਦਲ ਦਲ ਵੱਲੋਂ ਅਦਾਲਤ ‘ਚ ਮੁਕਦਮੇ ਪਾ ਕੇ ਚੋਣਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮੇਂ ਲਈ ਲਮਕਾਉਣ ਵਾਸਤੇ ਹਰ ਹੱਥਕੰਡਾ ਵਰਤਿਆ ਜਾ ਰਿਹੈ ਹੈ। ਸਰਨਾ ਨੇ ਦਾਅਵਾ ਕੀਤਾ ਕਿ ਬਾਦਲ ਦਲ ਦੇ ਇਹ ਹੱਥਕੰਡੇ ਸਫਲ ਨਹੀਂ ਹੋਣਗੇ ਅਤੇ ਗੁਰਦੁਆਰਾ ਚੋਣਾਂ ਨਿਸ਼ਚਤ ਰੂਪ ‘ਚ ਫਰਵਰੀ ਮਹੀਨੇ ‘ਚ ਹੋ ਜਾਣਗੀਆਂ। ਦਲ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਵੱਲੋਂ ਇਸ ਕਨਵੈਨਸ਼ਨ ਨੂੰ ਸਫਲ ਬਣਾਉਣ ‘ਚ ਯੋਗਦਾਨ ਪਾਉਣ ਵਾਲੇ ਸਮੂਹ ਪਾਰਟੀ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕੀਤਾ ਗਿਆ। ਇਹ ਵੀ ਮਤਾ ਪਾਸ ਕੀਤਾ ਗਿਆ ਕਿ ਦਿੱਲੀ ਕਮੇਟੀ ਪ੍ਰਬੰਧ ਦੀ ਜ਼ਿੰਮੇਵਾਰੀ ਮਿਲਣ ਉਪਰੰਤ ਸਾਲ 2019 ‘ਚ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ।