ਚੋਣ ਕਮਿਸ਼ਨ ਨੇ ਸੁਖਬੀਰ ਬਾਦਲ ਦੇ ਸੁਖਵਿਲਾਸ ਸੜਕ ਬਾਰੇ ਰਿਪੋਰਟ ਮੰਗੀ

ਚੋਣ ਕਮਿਸ਼ਨ ਨੇ ਸੁਖਬੀਰ ਬਾਦਲ ਦੇ ਸੁਖਵਿਲਾਸ ਸੜਕ ਬਾਰੇ ਰਿਪੋਰਟ ਮੰਗੀ

ਚੰਡੀਗੜ੍ਹ/ਬਿਊਰੋ ਨਿਊਜ਼ :
ਨਿਊ ਚੰਡੀਗੜ੍ਹ ਨੂੰ ਹਵਾਈ ਅੱਡੇ ਨਾਲ ਜੋੜਨ ਲਈ 200 ਫੁੱਟ ਚੌੜੀ ਸੜਕ ਦੇ ਨਿਰਮਾਣ ਲਈ ਜ਼ਮੀਨ ਗ੍ਰਹਿਣ ਕਰਨ ਲਈ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਚੋਣ ਜ਼ਾਬਤੇ ਤੋਂ ਮਹਿਜ਼ ਇਕ ਦਿਨ ਪਹਿਲਾਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਰਾਜ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ। ਨਿਊ ਚੰਡੀਗੜ੍ਹ ਤੋਂ ਇਲਾਵਾ ਇਹ ਸੜਕ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਲਗਜ਼ਰੀ ਹੋਟਲ ‘ਦਿ ਓਬਰਾਏ ਸੁਖਵਿਲਾਸ ਰਿਜ਼ੌਰਟਜ਼ ਐਂਡ ਸਪਾ’ ਨੂੰ ਸਿੱਧਾ ਮੁਹਾਈ ਕੌਮਾਂਤਰੀ ਹਵਾਈ ਅੱਡੇ ਨਾਲ ਜੋੜਦੀ ਹੈ। ਦੱਸਣਯੋਗ ਹੈ ਕਿ ਇਸ ਸੜਕ ਲਈ ਅੱਠ ਪਿੰਡਾਂ ਦੀ 112 ਏਕੜ ਜ਼ਮੀਨ ਗ੍ਰਹਿਣ ਕੀਤੀ ਗਈ ਸੀ।
ਚੋਣ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹਾਊਸਿੰਗ ਐਂਡ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਨੂੰ ਪੱਤਰ ਲਿਖ ਕੇ ਇਸ ਬਾਰੇ ਰਿਪੋਰਟ ਮੰਗ ਲਈ ਹੈ। ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ, ‘ਇਕ ਵਾਰ ਰਿਪੋਰਟ ਸਾਡੇ ਕੋਲ ਆ ਜਾਵੇ। ਇਸ ਬਾਅਦ ਅਸੀਂ ਸ਼ਿਕਾਇਤ ਅਤੇ ਰਿਪੋਰਟ ਦਾ ਅਧਿਐਨ ਕਰਾਂਗੇ। ਇਸ ਬਾਅਦ ਕੋਈ ਫ਼ੈਸਲਾ ਲਿਆ ਜਾਵੇਗਾ।’ ਚੋਣ ਕਮਿਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਆਰਟੀਆਈ ਸੈੱਲ ਦੇ ਕੋ-ਕਨਵੀਨਰ ਦਿਨੇਸ਼ ਚੱਢਾ ਦੀ ਸ਼ਿਕਾਇਤ ‘ਤੇ ਇਹ ਕਾਰਵਾਈ ਕੀਤੀ ਹੈ।