ਲੰਗਾਹ ਨੂੰ ਮਿਲੀ ਰਾਹਤ, ਲੜਨ ਸਕਣਗੇ ਚੋਣ

ਲੰਗਾਹ ਨੂੰ ਮਿਲੀ ਰਾਹਤ, ਲੜਨ ਸਕਣਗੇ ਚੋਣ

ਗੁਰਦਾਸਪੁਰ/ਬਿਊਰੋ ਨਿਊਜ਼ :
ਸੁਪਰੀਮ ਕੋਰਟ ਨੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਡੇਰਾ ਬਾਬਾ ਨਾਨਕ ਨਾਲ ਸਬੰਧਤ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਵੱਡੀ ਰਾਹਤ ਦਿੰਦਿਆਂ ਵਿਧਾਨ ਸਭਾ ਚੋਣਾਂ ਲੜਨ ਦੀ ਇਜ਼ਾਜਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੋਹਾਲੀ ਦੀ ਅਦਾਲਤ ਵੱਲੋਂ ਜਥੇਦਾਰ ਲੰਗਾਹ ਨੂੰ 3 ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਸੁਣਾਇਆ ਸੀ। ਇਸ ਫ਼ੈਸਲੇ ਵਿਰੁੱਧ ਜਥੇਦਾਰ ਲੰਗਾਹ ਨੇ ਹਾਈ ਕੋਰਟ ਵਿਚ ਅਪੀਲ ਕੀਤੀ ਸੀ ਤਾਂ ਜੋ ਉਹ ਚੋਣ ਲੜ ਸਕਣ ਪਰ ਹਾਈ ਕੋਰਟ ਵੱਲੋਂ ਇਹ ਅਰਜ਼ੀ ਰੱਦ ਕਰ ਦਿੱਤੇ ਜਾਣ ਕਾਰਨ ਉਨ੍ਹਾਂ ਨੇ ਸੁਪਰੀਮ ਕੋਰਟ ਕੋਲ ਪਹੁੰਚ ਕੀਤੀ। ਸੁਪਰੀਮ ਕੋਰਟ ਵਿਚ ਉਨ੍ਹਾਂ ਵਲੋਂ ਪੇਸ਼ ਹੋਏ ਵਕੀਲਾਂ ਵੈਭਵ ਅਗਨੀਹੋਤਰੀ ਅਤੇ ਨਿਹਾਰਿਕਾ ਆਹਲੂਵਾਲੀਆ ਨੇ ਜਸਟਿਸ ਪੀਨਾਕੀ ਗੋਸ਼ ਅਤੇ ਰੋਹਿੰਨਟਨ ਨਾਰੀਮਨ ‘ਤੇ ਆਧਾਰਤ ਬੈਂਚ ਨੂੰ ਦੱਸਿਆ ਕਿ ਜਥੇਦਾਰ ਲੰਗਾਹ ਖਿਲਾਫ਼ ਦਰਜ ਕੀਤਾ ਗਿਆ ਪਰਚਾ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਸੀ ਅਤੇ ਇਸ ਪਰਚੇ ਦੇ ਜਾਂਚ ਅਫ਼ਸਰ ਨੂੰ ਪਹਿਲਾਂ ਵੀ ਅਦਾਲਤ ਵੱਲੋਂ ਅਕਾਲੀ ਆਗੂਆਂ ਖਿਲਾਫ ਦਰਜ ਕੀਤੇ ਹੋਰ ਕਰੀਬ 11 ਕੇਸਾਂ ਵਿਚ ਸਖ਼ਤ ਤਾੜਨਾ ਕੀਤੀ ਜਾ ਚੁੱਕੀ ਹੈ। ਉਕਤ ਵਕੀਲਾਂ ਨੇ ਕੇਸ ਨਾਲ ਜੁੜੇ ਹੋਰ ਕਈ ਤੱਥਾਂ ‘ਤੇ ਚਾਨਣਾ ਪਾਉਣ ਦੇ ਨਾਲ-ਨਾਲ ਸਾਬਕਾ ਕ੍ਰਿਕਟਰ ਅਤੇ ਸਾਬਕਾ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਸਮੇਤ ਕਈ ਕੇਸਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਥੇਦਾਰ ਲੰਗਾਹ ਨੂੰ ਇਹ ਚੋਣ ਲੜਨ ਦਾ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ। ਉਕਤ ਵਕੀਲਾਂ ਦੀਆਂ ਦਲੀਲਾਂ ਦੇ ਬਾਅਦ ਸੁਪਰੀਮ ਕੋਰਟ ਨੇ ਜਥੇਦਾਰ ਸੁੱਚਾ ਸਿੰਘ ਲੰਗਾਹ ਦੀ ਸਜ਼ਾ ਮੁਅੱਤਲ ਕਰ ਦਿੱਤੀ ਹੈ। ਜਿਸ ਕਾਰਨ ਹੁਣ ਉਹ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਚੋਣ ਲੜ ਸਕਦੇ ਹਨ। ਜ਼ਿਕਰਯੋਗ ਹੈ ਕਿ ਅਕਾਲ ਆਗੂ ਲੰਗਾਹ ਨੂੰ ਅਕਾਲੀ ਦਲ ਵੱਲੋਂ ਆਪਣੀ ਪਹਿਲੀ ਸੂਚੀ ਵਿਚ ਹੀ ਇਸ ਹਲਕੇ ਤੋਂ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ ਅਤੇ ਪਿਛਲੀ ਵਾਰ ਵੀ ਉਹ ਇਸ ਹਲਕੇ ਤੋਂ ਚੋਣ ਲੜੇ ਸਨ। ਜਥੇਦਾਰ ਲੰਗਾਹ ਨੇ ਇਸ ਫੈਸਲੇ ਨੂੰ ਕਾਨੂੰਨ ਅਤੇ ਸਚਾਈ ਦੀ ਜਿੱਤ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਅਦਾਲਤ ‘ਤੇ ਪੂਰਾ ਵਿਸ਼ਵਾਸ਼ ਹੈ ਅਤੇ ਉਹ ਹਰ ਮਾਮਲੇ ਵਿਚ ਨਿਰਦੋਸ਼ ਸਿੱਧ ਹੋਣਗੇ।