ਡੇਰਾ ਰਾਧਾ ਸੁਆਮੀ ਦੇ ਮੁਖੀ ਦੀ ਰਿਸ਼ਤੇਦਾਰ ਬਜ਼ੁਰਗ ਔਰਤ ਤੇ ਨੌਕਰਾਣੀ ਦਾ ਕਤਲ

ਡੇਰਾ ਰਾਧਾ ਸੁਆਮੀ ਦੇ ਮੁਖੀ ਦੀ ਰਿਸ਼ਤੇਦਾਰ ਬਜ਼ੁਰਗ ਔਰਤ ਤੇ ਨੌਕਰਾਣੀ ਦਾ ਕਤਲ

ਅੰਮ੍ਰਿਤਸਰ/ਬਿਊਰੋ ਨਿਊਜ਼ :
ਇਥੇ ਮਕਬੂਲ ਰੋਡ ਨੇੜੇ ਘਰ ਵਿੱਚ ਬਿਰਧ ਮਹਿਲਾ ਤੇ ਉਸ ਦੀ ਤਿਮਾਰਦਾਰੀ ਕਰਦੀ ਮਹਿਲਾ ਦਾ ਕਤਲ ਹੋ ਗਿਆ। ਇਨ੍ਹਾਂ ਵਿੱਚੋਂ ਇਕ ਡੇਰਾ ਰਾਧਾ ਸੁਆਮੀ ਦੇ ਮੁਖੀ ਦੀ ਰਿਸ਼ਤੇਦਾਰ ਦੱਸੀ ਗਈ ਹੈ। ਪੀੜਤਾਂ ਦੀ ਸ਼ਨਾਖਤ ਸ਼ੁਕਲਾ ਸੇਠ (80) ਅਤੇ ਉਸ ਦੀ ਸੇਵਾਦਾਰ ਮਨਜੀਤ ਕੌਰ (60) ਵਜੋਂ ਹੋਈ ਹੈ। ਪੁਲੀਸ ਨੂੰ ਸ਼ੱਕ ਹੈ ਕਿ ਕਤਲ ਪਿੱਛੇ ਲੁੱਟ ਖੋਹ ਦਾ ਮੰਤਵ ਹੈ। ਪੁਲੀਸ ਨੂੰ ਦੋਵਾਂ ਦੀਆਂ ਲਾਸ਼ਾਂ ਬੈੱਡਰੂਮ ਵਿੱਚੋਂ ਮਿਲੀਆਂ ਅਤੇ ਕਮਰਿਆਂ ਵਿੱਚ ਸਾਮਾਨ ਖਿੱਲਰਿਆ ਪਿਆ ਸੀ।
ਵੇਰਵਿਆਂ ਅਨੁਸਾਰ ਮ੍ਰਿਤਕ ਔਰਤ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਰਿਸ਼ਤੇਦਾਰ ਹੈ ਅਤੇ ਕਤਲ ਦੀ ਜਾਣਕਾਰੀ ਮਿਲਣ ਮਗਰੋਂ ਸ੍ਰੀ ਢਿੱਲੋਂ ਮੌਕੇ `ਤੇ ਪੁੱਜ ਗਏ। ਉਨ੍ਹਾਂ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਲਗਪਗ ਅੱਧਾ ਘੰਟਾ ਘਟਨਾ ਵਾਲੀ ਥਾਂ `ਤੇ ਰਹੇ। ਕੈਬਨਿਟ ਮੰਤਰੀ ਅਨਿਲ ਜੋਸ਼ੀ ਵੀ ਘਟਨਾ ਵਾਲੀ ਥਾਂ `ਤੇ ਪੁੱਜੇ। ਪੁਲੀਸ ਕਮਿਸ਼ਨਰ ਲੋਕਨਾਥ ਆਂਗਰਾ, ਡਿਪਟੀ ਕਮਿਸ਼ਨਰ ਗਗਨਅਜੀਤ ਸਿੰਘ ਤੇ ਹੋਰਨਾਂ ਅਧਿਕਾਰੀਆਂ ਨੇ ਵੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਘਰ ਵਿੱਚ ਦਾਖਲ ਹੋਏ ਅਤੇ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਕਾਤਲਾਂ ਨੇ ਤੇਜ਼ਧਾਰ ਹਥਿਆਰ ਨਾਲ ਦੋਵਾਂ ਔਰਤਾਂ ਦੇ ਗਲੇ ਕੱਟ ਦਿੱਤੇ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਘਰ ਵਿੱਚ ਸੀਸੀਟੀਵੀ ਕੈਮਰੇ ਨਹੀਂ ਸਨ, ਜਿਸ ਕਾਰਨ ਕਾਤਲਾਂ ਬਾਰੇ ਫ਼ਿਲਹਾਲ ਕੋਈ ਸੁਰਾਗ ਨਹੀਂ ਮਿਿਲਆ।
ਇਸ ਘਟਨਾ ਬਾਰੇ ਸਵੇਰੇ ਉਦੋਂ ਪਤਾ ਲੱਗਾ, ਜਦੋਂ ਇਕ ਸੇਵਾਦਾਰ ਨੰਦ ਬਹਾਦਰ ਇਥੇ ਆਇਆ। ਉਸ ਨੇ ਦਰਵਾਜ਼ਾ ਖੜਕਾਇਆ, ਪਰ ਅੰਦਰੋਂ ਕੋਈ ਹੁੰਗਾਰਾ ਨਾ ਮਿਲਣ `ਤੇ ਉਸ ਨੇ ਮਕਬੂਲ ਰੋਡ `ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਕਿਹਾ ਕਿ ਮੁੱਢਲੇ ਤੌਰ `ਤੇ ਦੋਹਰੇ ਕਤਲ ਪਿੱਛੇ ਘਰ ਵਿੱਚ ਲੁੱਟ ਹੀ ਮੁੱਖ ਮੰਤਵ ਲਗਦਾ ਹੈ। ਘਰ ਵਿੱਚ ਕੀ ਨੁਕਸਾਨ ਹੋਇਆ ਹੈ, ਇਸ ਬਾਰੇ ਪਰਿਵਾਰਕ ਮੈਂਬਰਾਂ ਤੋਂ ਹੀ ਜਾਣਕਾਰੀ ਮਿਲ ਸਕਦੀ ਹੈ। ਬਿਰਧ ਮਹਿਲਾ ਸ਼ੁਕਲਾ ਸੇਠ ਇਥੇ ਇਕੱਲੀ ਰਹਿੰਦੀ ਸੀ। ਉਸ ਦੀਆਂ ਦੋ ਧੀਆਂ ਵਿਆਹੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਇਕ ਚੰਡੀਗੜ੍ਹ ਅਤੇ ਦੂਜੀ ਦਿੱਲੀ ਵਿੱਚ ਹੈ। ਉਸ ਦੀ ਸਾਂਭ ਸੰਭਾਲ ਲਈ ਮਨਜੀਤ ਕੌਰ ਨਾਲ ਰਹਿੰਦੀ ਸੀ, ਜੋ ਕਿ ਤਲਾਕਸ਼ੁਦਾ ਸੀ। ਸ੍ਰੀਮਤੀ ਸੇਠ ਦੇ ਪਤੀ ਜਨਕ ਰਾਜ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ।