ਸਰਬੱਤ ਖ਼ਾਲਸਾ ਨਾ ਹੋਣ ਦਿੱਤਾ ਤਾਂ ਪੰਜਾਬ ਜਾਮ ਕਰ ਦਿਆਂਗੇ : ਮੁਤਵਾਜ਼ੀ ਜਥੇਦਾਰ

ਸਰਬੱਤ ਖ਼ਾਲਸਾ ਨਾ ਹੋਣ ਦਿੱਤਾ ਤਾਂ ਪੰਜਾਬ ਜਾਮ ਕਰ ਦਿਆਂਗੇ : ਮੁਤਵਾਜ਼ੀ ਜਥੇਦਾਰ

ਕੈਪਸ਼ਨ-ਚੰਡੀਗੜ੍ਹ ਵਿੱਚ ਬੈਠਕ ਕਰਦੇ ਹੋਏ ਪੰਥਕ ਆਗੂ।  
ਚੰਡੀਗੜ੍ਹ/ਬਿਊਰੋ ਨਿਊਜ਼ :
ਮੁਤਵਾਜ਼ੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਇੱਥੇ ਪੰਥਕ ਧਿਰਾਂ ਦੀ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਜੇਕਰ ਬਾਦਲ ਸਰਕਾਰ ਨੇ ਮੁੜ 8 ਦਸੰਬਰ ਨੂੰ ਸਰਬੱਤ ਖ਼ਾਲਸਾ ਨਾ ਹੋਣ ਦਿੱਤਾ ਤਾਂ ਪੰਜਾਬ ਨੂੰ ਜਾਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 8 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਵਿੱਚ ਹੋ ਰਹੀ ਰੈਲੀ ਤਾਂ ਮੁਲਤਵੀ ਹੋ ਸਕਦੀ ਹੈ ਪਰ ਇਸੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਰਬੱਤ ਖ਼ਾਲਸਾ ਹੋ ਕੇ ਹੀ ਰਹੇਗਾ। ਭਾਈ ਮੰਡ ਅਤੇ ਬਾਬਾ ਦਾਦੂਵਾਲ ਨੇ ਇੱਥੇ ਯੂਨਾਈਟਿਡ ਅਕਾਲੀ ਦਲ, ਸ਼ੋਝਮਣੀ ਅਕਾਲੀ ਦਲ (ਅੰਮ੍ਰਿਤਸਰ), ਅਖੰਡ ਅਕਾਲੀ ਦਲ ਅਤੇ ਹੋਰ ਪੰਥਕ ਧਿਰਾਂ ਦੀ ਮੀਟਿੰਗ ਕਰਕੇ 8 ਦਸੰਬਰ ਨੂੰ ਕੀਤੇ ਜਾ ਰਹੇ ਸਰਬੱਤ ਖ਼ਾਲਸਾ ਨੂੰ ਅੰਤਿਮ ਰੂਪ ਦਿੱਤਾ।
ਭਾਈ ਮੰਡ ਅਤੇ ਬਾਬਾ ਦਾਦੂਵਾਲ ਨੇ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਸਰਬੱਤ ਖ਼ਾਲਸਾ ਨੂੰ ਗਲਤ ਰੰਗਤ ਦੇ ਕੇ ਜਬਰ-ਜ਼ੁਲਮ ਦੇ ਰਾਹ ਪਈ ਹੈ। ਉਨ੍ਹਾਂ ਪਹਿਲਾਂ 10 ਨਵੰਬਰ ਨੂੰ ਸੱਦੇ ਸਰਬੱਤ ਖ਼ਾਲਸਾ ਨੂੰ ਸਰਕਾਰ ਵੱਲੋਂ ਪ੍ਰਵਾਨਗੀ ਨਾ ਦੇਣ ਕਾਰਨ ਸੂਬੇ ਦੀ ਸ਼ਾਂਤੀ ਲਈ ਮੁਲਤਵੀ ਕਰ ਦਿੱਤਾ ਸੀ ਪਰ ਇਸ ਵਾਰ ਸਰਬੱਤ ਖ਼ਾਲਸਾ ਹਰ ਹਾਲਤ ਵਿੱਚ ਹੋ ਕੇ ਰਹੇਗਾ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਵਿੱਚ ਸਰਬੱਤ ਖ਼ਾਲਸਾ ਲਈ ਭਾਰੀ ਜੋਸ਼ ਅਤੇ ਸਰਕਾਰ ਪ੍ਰਤੀ ਰੋਹ ਹੈ। ਇਸ ਲਈ ਜੇਕਰ ਬਾਦਲ ਸਰਕਾਰ ਨੇ ਮੁੜ ਸਰਬੱਤ ਖ਼ਾਲਸਾ ਰੋਕਣ ਦਾ ਯਤਨ ਕੀਤਾ ਤਾਂ ਸਿੱਖ ਸੰਗਤ ਸਾਰੇ ਪੰਜਾਬ ਨੂੰ ਜਾਮ ਕਰ ਦੇਵੇਗੀ ਅਤੇ ਹਾਲਾਤ ਖ਼ਰਾਬ ਹੋਣ ਦੀ ਸੂਰਤ ਵਿੱਚ ਖੁਦ ਸਰਕਾਰ ਜ਼ਿੰਮੇਵਾਰ ਹੋਵੇਗੀ।
ਉਨ੍ਹਾਂ ਕਿਹਾ ਕਿ ਸਰਬੱਤ ਖ਼ਾਲਸਾ ਸੱਦਣ ਵਾਲਿਆਂ ਨੂੰ ਦੇਸ਼ ਧ੍ਰੋਹ ਦੇ ਕੇਸਾਂ ਵਿੱਚ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ ਜਦਕਿ ਸਵਾ ਸਾਲ ਦੌਰਾਨ 87 ਥਾਵਾਂ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਅਤੇ ਇਸ ਮੁੱਦੇ ‘ਤੇ ਸ਼ਹੀਦ ਹੋਏ ਦੋ ਸਿੱਖਾਂ ਦੇ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ। ਸਰਕਾਰ ਕਮਿਸ਼ਨਾਂ ਦੀਆਂ ਰਿਪੋਰਟਾਂ ਆਉਣ ਦੇ ਬਾਵਜੂਦ ਇਹ ਪਤਾ ਲਾਉਣ ਤੋਂ ਫੇਲ੍ਹ ਰਹੀ ਹੈ ਕਿ ਕਿਹੜੀਆਂ ਤਾਕਤਾਂ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪਹੁੰਚਾ ਰਹੀਆਂ ਹਨ। ਉਹ ਸਿੱਖ ਧਰਮ ਦੇ ਤਖ਼ਤਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੂੰ ਆਜ਼ਾਦ ਕਰਵਾਉਣ ਅਤੇ ਪੰਥਕ ਏਕਤਾ ਲਈ ਸਰਬੱਤ ਖ਼ਾਲਸਾ ਸੱਦ ਰਹੇ ਹਨ। ਉਨ੍ਹਾਂ ਸਪਸ਼ਟ ਸੰਕੇਤ ਦਿੱਤਾ ਕਿ 8 ਦਸੰਬਰ ਦੇ ਸਰਬੱਤ ਖ਼ਾਲਸਾ ਦੌਰਾਨ ਉਹ ਸਿੱਖ ਕੌਮ ਨੂੰ ਸਿਆਸੀ ਤੌਰ ‘ਤੇ ਵੀ ਕੋਈ ਸੰਦੇਸ਼ ਦੇਣਗੇ।