ਬਾਦਲ, ਕੈਪਟਨ ਅਤੇ ਕੇਜਰੀਵਾਲ ਨੇ ਕੀਤਾ ਪੰਜਾਬ ਦੇ ਹੱਕਾਂ ਦਾ ਘਾਣ : ਜਸਟਿਸ ਬੈਂਸ

ਬਾਦਲ, ਕੈਪਟਨ ਅਤੇ ਕੇਜਰੀਵਾਲ ਨੇ ਕੀਤਾ ਪੰਜਾਬ ਦੇ ਹੱਕਾਂ ਦਾ ਘਾਣ : ਜਸਟਿਸ ਬੈਂਸ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਖਾਲੜਾ ਮਿਸ਼ਨ ਜਥੇਬੰਦੀ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਅਤੇ ਹੋਰ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਸਾਰੇ ਸਿਆਸੀ ਦਲਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਗੁਰੂਆਂ, ਪੀਰਾਂ, ਪੈਗ਼ੰਬਰਾਂ ਦੀ ਧਰਤੀ ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ, ਵਿਸ਼ੇਸ਼ ਕਰ ਕੇ ਸਿੱਖਾਂ ਦੇ ਹੱਕਾਂ ਦਾ ਘਾਣ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਕੌਮ ਨੂੰ ਅਜੇ ਤਕ ਇਨਸਾਫ਼ ਨਹੀਂ ਮਿਲਿਆ।
ਇਥੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ, ਖਾਲੜਾ ਮਿਸ਼ਨ ਦੇ ਹਰਮਨਦੀਪ ਸਿੰਘ ਅਤੇ ਇਨਸਾਫ਼ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਤਿੰਨੋਂ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੰਦੇ ਹੋਏ ਸਪਸ਼ਟ ਕੀਤਾ ਕਿ ਅਕਾਲੀ ਦਲ, ਕਾਂਗਰਸ ਤੇ ‘ਆਪ’ ਨੇ ਪੰਜਾਬ ਨਾਲ ਧੋਖਾ ਕੀਤਾ ਅਤੇ ਹੁਣ ਵੋਟਾਂ ਦੀ ਖਾਤਰ ਝੂਠੇ ਵਾਅਦੇ ਫਿਰ ਕਰ ਰਹੇ ਹਨ।
ਇਨ੍ਹਾਂ ਜਥੇਬੰਦੀਆਂ ਨੇ ਕੇਜਰੀਵਾਲ ਨੂੰ 5 ਸਵਾਲ ਕੀਤੇ ਜਿਨ੍ਹਾਂ ਵਿਚ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ‘ਤੇ ਘੇਰਦਿਆਂ ਕਿਹਾ ਕਿ ਕੇਜਰੀਵਾਲ ਦੋਗਲੇ ਮਾਪਦੰਡ ਅਪਣਾਅ ਰਿਹਾ ਹੈ। ਉਨ੍ਹਾਂ ਪੁਛਿਆ ਪੰਜਾਬ ਅੰਦਰ ਨਸ਼ਿਆਂ ਬਾਰੇ ਰੌਲਾ ਪਾ ਰਿਹਾ ਕੇਜਰੀਵਾਲ ਦਿੱਲੀ ਅੰਦਰ ਠੇਕੇ ‘ਤੇ ਬਾਰਾਂ ਕਿਉਂ ਖੋਲ੍ਹ ਰਿਹਾ ਹੈ?
ਕੈਪਟਨ ਦੀ ਕਾਂਗਰਸ ਨੂੰ ਪੁਛਦੇ ਹੋਏ ਇਨ੍ਹਾਂ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਜਿਸ ਨੇਤਾ ਨੇ ਸਾਕਾ ਨੀਲਾ ਤਾਰਾ ਮਗਰੋਂ ਲੋਕ ਸਭਾ ਮੈਂਬਰੀ ਛੱਡੀ ਸੀ, ਉਸੇ ਕਾਂਗਰਸ ਵਿਚ ਮੁੜ ਸ਼ਾਮਲ ਹੋ ਗਏ ਜਿਸ ਨੇ ਟਾਈਟਲਰ, ਸੱਜਣ ਕੁਮਾਰ ਤੇ ਕਮਲਨਾਥ ਦਾ ਪੱਖ ਪੂਰਿਆ। ਵੱਡੇ ਬਾਦਲ ਨੂੰ 10 ਸੁਆਲ ਪੁਛਦੇ ਹਏ ਇਨ੍ਹਾਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ 1997 ਵਿਚ ਮੁੱਖ ਮੰਤਰੀ ਅਹੁਦੇ ‘ਤੇ ਬੈਠਦਿਆਂ ਵਾਅਦਾ ਕੀਤਾ ਸੀ ਕਿ ਸਾਕਾ ਨੀਲਾ ਤਾਰਾ ਅਤੇ 25000 ਸਿੱਖਾਂ ਦੇ ਕਤਲਾਂ ਦੀ ਜਾਂਚ ਜੁਡੀਸ਼ੀਅਲ ਕਮਿਸ਼ਨ ਰਾਹੀਂ ਕਰਵਾਈ ਜਾਵੇਗੀ ਪਰ ਕੁੱਝ ਨਹੀਂ ਕਰਵਾਇਆ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਥਾਂ-ਥਾਂ ਹੋਈ, ਪਰ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਹੀਂ ਹੋਈ। ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵੋਟਰ ਇਨ੍ਹਾਂ ਸਿਆਸੀ ਦਲਾਂ ਨੂੰ ਨਕਾਰ ਦੇ, ਸੱਚੇ ਸੁੱਚੇ ਈਮਾਨਦਾਰ ਉਮੀਦਵਾਰਾਂ ਨੂੰ ਚੁਣਨਗੇ।
ਇਨ੍ਹਾਂ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਕੋਈ ਚੋਣ ਸਮਝੌਤਾ ਕਰਨ ਸਬੰਧੀ ਪੁਛੇ ਸਵਾਲਾਂ ਦਾ ਜਆਬ ਦਿੰਦੇ ਹੋਏ ਜਸਟਿਸ ਬੈਂਸ ਨੇ ਕਿਹਾ ਕਿ ਉਹ ਖ਼ੁਦ ਚੋਣਾਂ ਦੇ ਮੈਦਾਨ ਵਿਚ ਨਹੀਂ ਜਾਣਗੇ।