ਪੰਜਾਬੀ ਫ਼ਿਲਮ ‘ਚੰਮ’ ਦੀ ਕਾਨਜ਼ ਫ਼ਿਲਮ ਉਤਸਵ ਲਈ ਚੋਣ

ਪੰਜਾਬੀ ਫ਼ਿਲਮ ‘ਚੰਮ’ ਦੀ ਕਾਨਜ਼ ਫ਼ਿਲਮ ਉਤਸਵ ਲਈ ਚੋਣ

ਪਟਿਆਲਾ/ਬਿਊਰੋ ਨਿਊਜ਼ :
ਪੰਜਾਬੀ ਫ਼ਿਲਮ ‘ਚੰਮ’ ਦੀ ਚੋਣ ਕਾਨਜ ਫ਼ਿਲਮ ਉਤਸਵ ਲਈ ਹੋਈ ਹੈ, ਜਿਸ ਵਿਚ ਪਟਿਆਲਾ ਦੀ ਮਹਿਰੀਨ ਕਾਲੇਕਾ ਬਤੌਰ ਨਾਇਕਾ ਦੁਨੀਆ ਦੇ ਨਾਮਵਰ ਫ਼ਿਲਮ ਉਤਸਵ ਕਾਨਜ ਵਿਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏਗੀ। ਮਹਿਰੀਨ ਨੇ ਦੱਸਿਆ ਕਿ ਉਕਤ ਫ਼ਿਲਮ ਰਾਜੀਵ ਕੁਮਾਰ ਦੁਆਰਾ ਨਿਰਦੇਸ਼ਤ ਹੈ। ਜਿਨ੍ਹਾਂ ਦੁਆਰਾ ਨਿਰਦੇਸ਼ਤ ਫ਼ਿਲਮ ‘ਨਾਬਰ’ ਨੂੰ 2013 ਵਿਚ ਰਾਸ਼ਟਰੀ ਪੁਰਸਕਾਰ ਵੀ ਮਿਲ ਚੁੱਕਿਆ ਹੈ। ਇਸ ਤੋਂ ਪਹਿਲਾਂ ਅਮਿਤੋਜ ਮਾਨ ਦੁਆਰਾ ਨਿਰਦੇਸ਼ਤ ਚਰਚਿਤ ਫ਼ਿਲਮ ‘ਹਾਣੀ’ ਵਿਚ ਵੀ ਦੋਹਰੀ ਰੰਗਤ ਵਾਲੀ ਮੋਹਰੀ ਭੂਮਿਕਾ ਨਿਭਾ ਚੁੱਕੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਕਾਲਤ ਵਿਚ ਗਰੈਜੂਏਸ਼ਨ ਕਰ ਚੁੱਕੀ ਮਹਿਰੀਨ ਕਾਲੇਕਾ ਨੇ ਦੱਸਿਆ ਕਿ ਉਸ ਨੇ ਹਮੇਸ਼ਾ ਹੀ ਸਾਫ਼-ਸੁਥਰੀਆਂ ਅਤੇ ਦਮਦਾਰ ਭੂਮਿਕਾਵਾਂ ਕਰਨ ਨੂੰ ਪਹਿਲ ਦਿੱਤੀ ਹੈ। ਉਸ ਨੇ ਕਿਹਾ ਇਹ ਫ਼ਿਲਮ 35 ਮਿੰਟਾਂ ਵਿਚ ਹੀ ਬਹੁਤ ਕੁਝ ਕਹਿਣ ਦੀ ਸਮਰੱਥਾ ਰੱਖਦੀ ਹੈ। ਇਸ ਫ਼ਿਲਮ ਵਿਚ ਪੰਜਾਬ ਦੇ ਦਲਿਤ ਲੋਕਾਂ ਦੇ ਸੰਘਰਸ਼ ਦੀ ਤਸਵੀਰ ਪੇਸ਼ ਕਰਨ ਦਾ ਉੱਦਮ ਕੀਤਾ ਗਿਆ ਹੈ। ਮਹਿਰੀਨ ਨੇ ਦੱਸਿਆ ਕਿ ਇਹ ਫ਼ਿਲਮ 22 ਤੋਂ 28 ਮਈ ਤੱਕ ਬ੍ਰਾਜ਼ੀਲ ਵਿਚ ਹੋਣ ਵਾਲੇ ਕਾਨਜ਼ ਫ਼ਿਲਮ ਉਤਸਵ ਵਿਚ ਦਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਫ਼ਿਲਮਸਾਜ਼ੀ ਲਈ ‘ਚੰਮ’ ਦੀ ਕਾਨਜ਼ ਉਤਸਵ ਲਈ ਚੋਣ ਹੋਣਾ ਵੱਡਾ ਮਾਅਰਕਾ ਹੈ। ਮਹਿਰੀਨ ਨੇ ਕਿਹਾ ਕਿ ਅਜੌਕੇ ਦੌਰ ਵਿਚ ਪੰਜਾਬੀ ਸਿਨੇਮਾ ਜ਼ਿਆਦਾਤਰ ਜੱਟ ਭਾਈਚਾਰੇ ‘ਤੇ ਆਧਾਰਤ ਹੈ ਪਰ ਪੰਜਾਬ ਵਿਚ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਵੀ ਹਨ, ਜਿਨ੍ਹਾਂ ਦਾ ਫ਼ਿਲਮਾਂ ਰਾਹੀਂ ਚਿਤਰਨ ਕਰਨਾ ਅਤਿ ਜ਼ਰੂਰੀ ਹੈ।