ਮਾਣਹਾਨੀ ਮਾਮਲਾ : ਕੇਜਰੀਵਾਲ ਤੇ ਸਾਥੀਆਂ ਖ਼ਿਲਾਫ਼ ਦੋਸ਼ ਆਇਦ

ਮਾਣਹਾਨੀ ਮਾਮਲਾ : ਕੇਜਰੀਵਾਲ ਤੇ ਸਾਥੀਆਂ ਖ਼ਿਲਾਫ਼ ਦੋਸ਼ ਆਇਦ

ਅੰਮ੍ਰਿਤਸਰ/ਬਿਊਰੋ ਨਿਊਜ਼ :
ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿੱਚ ਅਦਾਲਤ ਨੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਦੋਸ਼ ਆਇਦ ਕੀਤੇ। ਇਸ ਮਾਮਲੇ ਦੀ ਅਗਲੀ ਸੁਣਵਾਈ 4 ਜਨਵਰੀ ਨੂੰ ਤੈਅ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸ੍ਰੀ ਕੇਜਰੀਵਾਲ ਸਮੇਤ ਸੰਜੈ ਸਿੰਘ ਅਤੇ ਅਸ਼ੀਸ਼ ਖੇਤਾਨ  ਦੇ ਨਾਂ ਵੀ ਸ਼ਾਮਲ ਹਨ।
ਦੋਵਾਂ ਧਿਰਾਂ ਦਾ ਪੱਖ ਸੁਣਨ ਮਗਰੋਂ ਅਦਾਲਤ ਨੇ ਸ੍ਰੀ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 501 ਤੇ 34 ਤਹਿਤ ਦੋਸ਼ ਤੈਅ ਕੀਤੇ ਹਨ। ਭਾਵੇਂ ਸ੍ਰੀ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀ ਅਦਾਲਤ ਵਿੱਚ ਹਾਜ਼ਰ ਨਹੀਂ ਸਨ ਪਰ ਇਸ ਸਬੰਧੀ ਇਕ ਪੱਤਰ ਉਨ੍ਹਾਂ ਦੇ ਵਕੀਲ ਨੂੰ ਸੌਂਪਿਆ ਗਿਆ। ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਸਿਆਸੀ ਰੁਝੇਵਿਆਂ ਕਾਰਨ ਨਹੀਂ ਪੁੱਜ ਸਕੇ ਅਤੇ ਅਗਲੀ ਪੇਸ਼ੀ ਸਮੇਂ ਹਾਜ਼ਰ ਹੋਣਗੇ। ਅਦਾਲਤ ਨੇ ਪੇਸ਼ੀ ਤੋਂ ਇਕ ਦਿਨ ਦੀ ਛੋਟ ਦੇ ਦਿੱਤੀ।
ਅਦਾਲਤੀ ਕਾਰਵਾਈ ਮਗਰੋਂ ਪ੍ਰੈੱਸ ਕਾਨਫਰੰਸ ਵਿੱਚ ਸ੍ਰੀ ਮਜੀਠੀਆ ਨੇ ਦੱਸਿਆ ਕਿ ਦੋਸ਼ ਆਇਦ ਹੋਣ ਮਗਰੋਂ ਸ੍ਰੀ ਕੇਜਰੀਵਾਲ ਨੂੰ ਨੈਤਿਕ ਆਧਾਰ ‘ਤੇ ਦਿੱਲੀ ਦਾ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇ ਕੇ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਆਗੂ ਅਦਾਲਤੀ ਕਾਰਵਾਈ ਲਟਕਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਦੀ ਗੈਰ ਹਾਜ਼ਰੀ ਇਸੇ ਦਿਸ਼ਾ ਵਿੱਚ ਇਕ ਕਦਮ ਹੈ। ਜੇ ਸ੍ਰੀ ਕੇਜਰੀਵਾਲ ਨੂੰ ਕਾਨੂੰਨ ਵਿੱਚ ਵਿਸ਼ਵਾਸ ਹੈ ਤਾਂ ਉਹ ਕੇਸ ਦੀ ਕਾਰਵਾਈ ਨਿੱਤ ਦਿਨ ਚਲਾਉਣ ਦੀ ਅਰਜ਼ੀ ਦੇਵੇ ਤਾਂ ਜੋ ਇਹ ਮਾਮਲਾ ਕੁਝ ਦਿਨਾਂ ਵਿੱਚ ਹੀ ਖ਼ਤਮ ਹੋ ਜਾਵੇ ਅਤੇ ਲੋਕਾਂ ਸਾਹਮਣੇ ਸਚਾਈ ਆ ਸਕੇ। ਸ੍ਰੀ ਮਜੀਠੀਆ ਨੇ ਆਖਿਆ ਕਿ ‘ਆਪ’ ਦੇ ਸਿਧਾਂਤਾਂ ਮੁਤਾਬਕ ਅਪਰਾਧੀ ਪਿਛੋਕੜ ਅਤੇ ਭ੍ਰਿਸ਼ਟਾਚਾਰ ਦਾ ਦੋਸ਼ੀ ਕੋਈ ਵੀ ਵਿਅਕਤੀ ਪਾਰਟੀ ਦਾ ਮੈਂਬਰ ਨਹੀਂ ਬਣ ਸਕਦਾ ਪਰ ਇਸ ਵੇਲੇ ਸ੍ਰੀ ਕੇਜਰੀਵਾਲ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕਈ ਅਜਿਹੇ ਮਾਮਲੇ ਦਰਜ ਹਨ ਪਰ ਇਸ ਦੇ ਬਾਵਜੂਦ ਉਹ ਪਾਰਟੀ ਵਿੱਚ ਬਣੇ ਹੋਏ ਹਨ।