ਆਮ ਆਦਮੀ ਪਾਰਟੀ ਨੇ ਕਪੂਰੀ ਵਿੱਚ ਲਾਇਆ ਮੋਰਚਾ

ਆਮ ਆਦਮੀ ਪਾਰਟੀ ਨੇ ਕਪੂਰੀ ਵਿੱਚ ਲਾਇਆ ਮੋਰਚਾ

ਘਨੌਰ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਵੱਲੋਂ ਐਸਵਾਈਐਲ ਮੁੱਦੇ ‘ਤੇ ਪਿੰਡ ਕਪੂਰੀ ਨੇੜੇ ਸਤਲੁਜ ਯਮੁਨਾ ਲਿੰਕ ਨਹਿਰ ਅਤੇ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਦੀ ਸਾਂਝੀ ਪਟੜੀ ‘ਤੇ ਅਕਾਲੀ-ਭਾਜਪਾ ਸਰਕਾਰ ਅਤੇ ਕਾਂਗਰਸ ਖ਼ਿਲਾਫ਼ ਸੂਬਾ ਪੱਧਰੀ ਧਰਨਾ ਵਿੱਢ ਦਿੱਤਾ ਗਿਆ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਬੁਲਾਰੇ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ, ਪਾਰਟੀ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਸਹਿ ਇੰਚਾਰਜ ਜਰਨੈਲ ਸਿੰਘ, ਹਰਵਿੰਦਰ ਸਿੰਘ ਫੂਲਕਾ, ਕੰਵਰ ਸਿੰਘ ਸੰਧੂ, ਸੁਖਪਾਲ ਸਿੰਘ ਖਹਿਰਾ, ਅੰਨੂ ਰੰਧਾਵਾ, ਡਾ. ਬਲਵੀਰ ਸਿੰਘ ਤੇ ਪ੍ਰੋ. ਬਲਜਿੰਦਰ ਕੌਰ ਨੇ ਆਖਿਆ ਕਿ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਦਾ ਜਿੰਨਾ ਨੁਕਸਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ, ਓਨਾ ਕਿਸੇ ਹੋਰ ਨੇ ਨਹੀਂ ਕੀਤਾ। ਦੋਵੇਂ ਧਿਰਾਂ ਐਸਵਾਈਐਲ ਮੁੱਦੇ ‘ਤੇ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਹੁਣ ਜਦੋਂ ਵਿਧਾਨ ਸਭਾ ਚੋਣਾਂ ਵਿੱਚ ਮਹਿਜ਼ ਦੋ ਮਹੀਨੇ ਰਹਿ ਗਏ ਹਨ ਤਾਂ ਕਾਂਗਰਸੀ ਵਿਧਾਇਕ ਅਸਤੀਫ਼ੇ ਦੇ ਕੇ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਤ ਕਰਨ ਵਿੱਚ ਜੁਟ ਗਏ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਹੈ, ਜਿੱਥੇ ਉਹ ਕਦੇ ਉਂਜ ਵੀ ਨਹੀਂ ਜਾਂਦੇ ਤੇ ਹੁਣ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦਾ ਸਮਾਂ ਆਇਆ ਤਾਂ ਪੱਲਾ ਝਾੜ ਗਏ। ਆਗੂਆਂ ਨੇ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ‘ਤੇ ਲੋਕਤੰਤਰੀ ਢੰਗ ਨਾਲ ਸੰਘਰਸ਼ ਕਰਕੇ ਐਸਵਾਈਐਲ ਦਾ ਮੁੱਦਾ ਸੁਲਝਾਇਆ ਜਾਵੇਗਾ। ਸੰਜੇ ਸਿੰਘ ਨੇ ਕਿਹਾ ਕਿ ਹੁਣ ਇਹ ਗੇਂਦ ਸ੍ਰੀ ਬਾਦਲ ਅਤੇ ਸ੍ਰੀ ਮੋਦੀ ਦੇ ਪਾਲੇ ਵਿੱਚ ਹੈ, ਕਿਉਂਕਿ ਉਹ ਸੁਪਰੀਮ ਕੋਰਟ ਦੀ ਰਾਇ ਮੰਨਣ ਲਈ ਪਾਬੰਦ ਨਹੀਂ। ਉਨ੍ਹਾਂ ਕਿਹਾ ਕਿ ਲੋਕ ਸਭਾ ਦੇ 16 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਵਿੱਚ ‘ਆਪ’ ਦੇ ਲੋਕ ਸਭਾ ਮੈਂਬਰ ਐਸਵਾਈਐਲ ਦੇ ਮੁੱਦੇ ਨੂੰ ਦਫਨ ਕਰਨ ਲਈ ਮਤਾ ਪੇਸ਼ ਕਰਨਗੇ। ਸੰਜੇ ਸਿੰਘ ਨੇ ਐਲਾਨ ਕੀਤਾ ਕਿ ‘ਆਪ’ ਵੱਲੋਂ ਪਿੰਡ ਕਪੂਰੀ ਵਿੱਚ ਰੋਜ਼ਾਨਾ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਕਾਂਗਰਸ ਆਗੂ ਜਗਮੀਤ ਸਿੰਘ ਬਰਾੜ ਨੇ ਆਖਿਆ ਕਿ ਪੰਜਾਬ ਦੇ ਹਿੱਤਾਂ ਲਈ ਆਮ ਆਦਮੀ ਪਾਰਟੀ ਵੱਲੋਂ ਕੀਤੀ ਪਹਿਲ ਅਹਿਮ ਹੈ। ਇਸ ਮੁੱਦੇ ‘ਤੇ ਉਹ ਪਾਰਟੀ ਦੇ ਨਾਲ ਹਨ। ‘ਆਪ’ ਦੀ ਹਲਕਾ ਘਨੌਰ ਤੋਂ ਉਮੀਦਵਾਰ ਅੰਨੂ ਰੰਧਾਵਾ ਨੇ ਦੱਸਿਆ ਕਿ ਲੜੀਵਾਰ ਜ਼ਿਲ੍ਹਾ ਪੱਧਰੀ ਧਰਨੇ ਦੌਰਾਨ 12 ਨਵੰਬਰ ਨੂੰ ਲੋਕ ਸਭਾ ਮੈਂਬਰ ਭਗਵੰਤ ਮਾਨ ਸਣੇ ਹੋਰ ਆਗੂ ਸੰਬੋਧਨ ਕਰਨਗੇ ਤੇ ਇਹ ਧਰਨਾ ਪਾਰਟੀ ਦੀ ਸੂਬਾ ਕਮੇਟੀ ਵੱਲੋਂ ਅਗਲਾ ਪ੍ਰੋਗਰਾਮ ਆਉਣ ਤੱਕ ਜਾਰੀ ਰਹੇਗਾ।