ਕੈਪਟਨ ਵਲੋਂ ਟਾਈਟਲਰ ਨੂੰ ਕਲੀਨ ਚਿੱਟ ਦੇਣ ਕਾਰਨ ਨਾਰਾਜ਼ ਅਕਾਲੀਆਂ ਨੇ ਕੀਤਾ ਰੋਸ ਮਾਰਚ

ਕੈਪਟਨ ਵਲੋਂ ਟਾਈਟਲਰ ਨੂੰ ਕਲੀਨ ਚਿੱਟ ਦੇਣ ਕਾਰਨ ਨਾਰਾਜ਼ ਅਕਾਲੀਆਂ ਨੇ ਕੀਤਾ ਰੋਸ ਮਾਰਚ

ਕੈਪਟਨ, ਰਾਹੁਲ, ਟਾਈਟਲਰ ਤੇ ਸੱਜਣ ਕੁਮਾਰ ਦੇ ਪੁਤਲੇ ਸਾੜੇ
ਪਟਿਆਲਾ/ਬਿਊਰੋ ਨਿਊਜ਼ :
ਸਾਬਕਾ ਮੁੱਖ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਸਥਾਨਕ ਰਿਹਾਇਸ਼ ਨਿਊ ਮੋਤੀ ਮਹਿਲ ਵੱਲ ਸੈਂਕੜੇ ਅਕਾਲੀ ਕਾਰੁਕਨਾਂ ਨੇ ਰੋਸ ਮਾਰਚ ਕਰਨ ਮਗਰੋਂ ਮਹਿਲ ਨੇੜੇ ਸਥਿਤ ਵਾਈ.ਪੀ.ਐਸ. ਚੌਕ ਕੋਲ ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ, ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੇ ਪੁਤਲੇ ਫੂਕੇ ਅਤੇ ਰੋਸ ਪ੍ਰਦਰਸ਼ਨ ਕੀਤਾ। ਅਕਾਲੀ ਦਲ ਦਾ ਸ਼ਿਕਵਾ ਸੀ ਕਿ 1984 ਦੰਗਿਆਂ ਦੇ ਮਾਮਲੇ ਵਿੱਚ ਜਗਦੀਸ਼ ਟਾਈਟਲਰ ਤੇ ਹੋਰ ਕਾਂਗਰਸੀ ਆਗੂਆਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਣਬੁੱਝ ਕੇ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਅਜਿਹਾ ਕਰਕੇ ਕੈਪਟਨ ਨੇ ਸਿੱਖ ਕੌਮ ਦੇ ਦਰਦ ਨੂੰ ਭੁੱਲ ਕੇ ਕਾਂਗਰਸ ਹਾਈਕਮਾਂਡ ਨੂੰ ਖੁਸ਼ ਕੀਤਾ ਹੈ, ਜਿਸ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ। ਨਿਊ ਮੋਤੀ ਮਹਿਲ ਵੱਲ ਰੋਸ ਮਾਰਚ ਕਰਨ ਤੋਂ ਪਹਿਲਾਂ ਪੋਲੋ ਗਰਾਊਂਡ ਦੇ ਮੇਨ ਗੇਟ ਅੱਗੇ ਕੀਤੀ ਗਈ ਰੋਸ ਰੈਲੀ, ਜਿਸ ਦੀ ਅਗਵਾਈ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸਾਂਝੇ ਤੌਰ ‘ਤੇ ਕੀਤੀ, ਦੌਰਾਨ ਦਿੱਲੀ ਦੰਗਿਆਂ ਤੋਂ ਜਗਦੀਸ਼ ਟਾਈਟਲਰ ਨੂੰ ਦੋਸ਼ ਮੁਕਤ ਕਰਨ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਬਿਆਨ ਦੀ ਨਿਖੇਧੀ ਕੀਤੀ ਗਈ। ਬੁਲਾਰਿਆਂ ਦਾ ਕਹਿਣਾ ਸੀ ਕਿ ਦਿੱਲੀ ਤੇ ਹੋਰਨਾਂ ਸ਼ਹਿਰਾਂ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਚੀਸ ਅੱਜ ਵੀ ਪੂਰੀ ਸਿੱਖ ਕੌਮ ਤੇ ਹੋਰ ਭਾਈਚਾਰਿਆਂ ਨੂੰ ਹੈ ਪ੍ਰੰਤੂ ਕੈਪਟਨ ਸਿੱਖਾਂ ਦੇ ਜ਼ਖ਼ਮਾਂ ‘ਤੇ ਸਿਆਸਤ ਦੇ ਰੌਂਅ ਵਿੱਚ ਆਪਣੇ ਸਿੱਖੀ ਸਰੂਪ ਨੂੰ ਵੀ ਭੁੱਲ ਗਿਆ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਮਾਂ ਆਉਣ ‘ਤੇ ਸਿੱਖ ਕੌਮ ਤੇ ਹੋਰ ਇਨਸਾਫ਼ਪਸੰਦ ਧਿਰਾਂ ਅੱਗੇ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੀ ਗਲਤੀ ਦਾ ਅਹਿਸਾਸ ਕਰਨਾ ਪਵੇਗਾ। ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦੋਸ਼ ਲਾਇਆ ਕਿ ਅਮਰਿੰਦਰ ਸਿੰਘ ਨੇ ਕਦੇ ਕਤਲੇਆਮ ‘ਤੇ ਅਫਸੋਸ ਵੀ ਜ਼ਾਹਰ ਨਹੀਂ ਕੀਤਾ ਬਲਕਿ ਹਮੇਸ਼ਾ ਇਸ ਕਤਲੇਆਮ ਵਿੱਚ ਸ਼ਾਮਲ ਕਾਂਗਰਸੀ ਨੇਤਾਵਾਂ ਦੇ ਹੱਕ ਵਿੱਚ ਬਿਆਨ ਦਾਗਦੇ ਰਹੇ ਹਨ।
ਕਾਰਕੁਨਾਂ ਨੇ ਰੈਲੀ ਮਗਰੋਂ ਜਦੋਂ ਮਹਿਲ ਵੱਲ ਕੂਚ ਕੀਤਾ ਤਾਂ ਵਾਈ.ਪੀ.ਐਸ. ਚੌਕ, ਜੋ ਮਹਿਲ ਤੋਂ ਕੁਝ ਹੀ ਦੂਰੀ ‘ਤੇ ਹੈ, ਵਿੱਚ ਤਾਇਨਾਤ ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਰੋਕ ਲਿਆ। ਇਸ ‘ਤੇ ਅਕਾਲੀਆਂ ਨੇ ਇੱਥੇ ਹੀ ਪੁਤਲੇ ਫੂਕਕੇ ਰੋਸ ਪ੍ਰਦਰਸ਼ਨ ਨਿਬੇੜਣਾ ਵਾਜਬ ਸਮਝਿਆ।