ਪੰਜਾਬ ਵਿਚ ਸ਼ਰਾਬ ਮਾਫ਼ੀਆ ਹੱਥੋਂ ਇਕ ਮਹੀਨੇ ‘ਚ ਚੌਥਾ ਕਤਲ

ਪੰਜਾਬ ਵਿਚ ਸ਼ਰਾਬ ਮਾਫ਼ੀਆ ਹੱਥੋਂ ਇਕ ਮਹੀਨੇ ‘ਚ ਚੌਥਾ ਕਤਲ

ਸਾਬਕਾ ਫ਼ੌਜੀ ਦੀ ਸ਼ਰੇਆਮ ਹੱਤਿਆ
ਮੋਗਾ/ਬਿਊਰੋ ਨਿਊਜ਼ :
ਇਥੇ ਥਾਣਾ ਸਮਾਲਸਰ ਅਧੀਨ ਪਿੰਡ ਠੱਠੀ ਭਾਈ ਵਿੱਚ ਸ਼ਰਾਬ ਠੇਕੇਦਾਰ ਦੇ ਲੱਠਮਾਰਾਂ ਨੇ ਸਾਬਕਾ ਫ਼ੌਜੀ ਦੀ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਅਤੇ ਉਹ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਮੋਗਾ ਸਿਵਲ ਹਸਪਤਾਲ ਵਿੱਚ ਦਮ ਤੋੜ ਗਿਆ। ਥਾਣਾ ਸਮਾਲਸਰ ਮੁਖੀ ਭੁਪਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਬੇਅੰਤ ਸਿੰਘ (40) ਪੁੱਤਰ ਜਰਨੈਲ ਸਿੰਘ ਪਿੰਡ ਚੀਦਾ (ਬਾਘਾਪੁਰਾਣਾ) ਨੇੜਲੇ ਪਿੰਡ ਠੱਠੀ ਭਾਈ ਵਿਖੇ ਸ਼ਰਾਬ ਦੇ ਠੇਕੇ ਤੋਂ ਲੰਘੀ ਰਾਤ ਕਰੀਬ 9.30 ਵਜੇ ਸ਼ਰਾਬ ਲੈਣ ਗਿਆ ਸੀ। ਇਸ ਮੌਕੇ ਸ਼ਰਾਬ ਦਾ ਠੇਕਾ ਤਾਂ ਬੰਦ ਸੀ ਪਰ ਠੇਕੇ ਦੇ ਕੋਲ ਹੀ ਠੇਕੇਦਾਰ ਦੇ ਰੱਖੇ ਲੱਠਮਾਰ ਕਥਿਤ ਤੌਰ ‘ਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰ ਰਹੇ ਸਨ। ਸਾਬਕਾ ਫ਼ੌਜੀ ਦੀ ਕਿਸੇ ਗੱਲ ਤੋਂ ਲੱਠਮਾਰਾਂ ਨਾਲ ਬਹਿਸ ਹੋ ਗਈ ਤਾਂ ਲੱਠਮਾਰਾਂ ਨੇ ਸਾਬਕਾ ਫ਼ੌਜੀ ਨੂੰ ਬੇਸਬਾਲ ਵਾਲੇ ਬੈਟਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਕੁੱਝ ਨੌਜਵਾਨ ਸਾਬਕਾ ਫ਼ੌਜੀ ਨੂੰ ਚੁੱਕ ਕੇ ਉਸ ਦੇ ਘਰ ਪਿੰਡ ਚੀਦਾ ਛੱਡ ਆਏ ਪਰ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਉਥੇ ਉਹ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ।
ਦੱਸਣਯੋਗ ਹੈ ਕਿ ਆਬਕਾਰੀ ਤੇ ਕਰ ਵਿਭਾਗ ਨੇ ਸ਼ਰਾਬ ਠੇਕੇਦਾਰਾਂ ਵੱਲੋਂ 16 ਕਰੋੜ ਰੁਪਏ  ਦੀ ਲਾਇਸੈਂਸ ਫ਼ੀਸ ਅਦਾ ਨਾ ਕਰਨ ਕਰਕੇ ਜ਼ਿਲ੍ਹੇ ਵਿਚ ਸ਼ਰਾਬ ਦੇ ਠੇਕੇ ਸੀਲ ਕਰ ਦਿੱਤੇ ਹਨ ਪਰ ਠੇਕੇਦਾਰਾਂ ਦੇ ਲੱਠਮਾਰ ਕਥਿਤ ਤੌਰ ‘ਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰ ਰਹੇ ਹਨ।
ਇਸੇ ਦੌਰਾਨ ਥਾਣਾ ਸਮਾਲਸਰ ਦੇ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਪੁੱਤਰ ਮੇਜਰ ਸਿੰਘ ਪਿੰਡ ਚੀਦਾ ਦੀ ਸ਼ਿਕਾਇਤ ਉੱਤੇ ਸ਼ਰਾਬ ਠੇਕੇਦਾਰ ਹਰਜਿੰਦਰ ਸਿੰਘ, ਸੋਨੀ ਗਿੱਲ, ਜਗਦੀਸ਼ ਸਿੰਘ ਉਰਫ਼ ਗਿਆਨੀ ਵਾਸੀ ਸਰਦਾਰ ਨਗਰ, ਮੋਗਾ, ਜੀਤ ਸਿੰਘ ਵਾਸੀ ਸਮਾਲਸਰ ਅਤੇ ਸੇਲਜ਼ਮੈਨ ਸੰਤ ਰਾਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।