ਪੁਲੀਸ ਨੂੰ ਹਾਕਮ ਪਾਰਟੀ ਦੇ ਕੰਟਰੋਲ ਤੋਂ ਮੁਕਤ ਕਰਨ ਲਈ ਰਣਨੀਤੀ ਉਲੀਕੇਗਾ ਚੋਣ ਕਮਿਸ਼ਨ

ਪੁਲੀਸ ਨੂੰ ਹਾਕਮ ਪਾਰਟੀ ਦੇ ਕੰਟਰੋਲ ਤੋਂ ਮੁਕਤ ਕਰਨ ਲਈ ਰਣਨੀਤੀ ਉਲੀਕੇਗਾ ਚੋਣ ਕਮਿਸ਼ਨ

ਤਰਨ ਤਾਰਨ ਤੇ ਬਠਿੰਡਾ ਜ਼ਿਲ੍ਹਿਆਂ ਦੇ ਥਾਣਿਆਂ ਤੋਂ ਸ਼ੁਰੂ ਹੋਵੇਗੀ ਕੇਸਾਂ ਦੀ ਸਮੀਖਿਆ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਸੰਵੇਦਨਸ਼ੀਲ ਵਿਧਾਨ ਸਭਾ ਹਲਕਿਆਂ ਦੀ ਨਿਸ਼ਾਨਦੇਹੀ ਕਰਦਿਆਂ ਚੋਣ ਕਮਿਸ਼ਨ ਵੱਲੋਂ ਤਰਨ ਤਾਰਨ ਅਤੇ ਬਠਿੰਡਾ ਜ਼ਿਲ੍ਹਿਆਂ ਤੋਂ ਥਾਣਿਆਂ ਦੀ ਸਮੀਖਿਆ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਚੋਣ ਅਧਿਕਾਰੀਆਂ ਦਾ ਦੱਸਣਾ ਹੈ ਕਿ ਸ਼ੁਰੂਆਤੀ ਦੌਰ ਵਿੱਚ ਉਪ ਚੋਣ ਕਮਿਸ਼ਨਰ ਸੰਦੀਪ ਸਕਸੈਨਾ ਅਤੇ ਰਾਜ ਦੇ ਮੁੱਖ ਚੋਣ ਅਧਿਕਾਰੀ ਵਿਜੋਏ ਕੁਮਾਰ ਸਿੰਘ ਵੱਲੋਂ ਅਫ਼ਸਰਾਂ ਦੀ ਟੀਮ ਸਮੇਤ 15 ਨਵੰਬਰ ਤੋਂ ਦੋਵਾਂ ਜ਼ਿਲ੍ਹਿਆਂ ਦੇ ਥਾਣਾ ਮੁਖੀਆਂ ਤੇ ਪੁਲੀਸ ਅਫ਼ਸਰਾਂ ਨਾਲ ਮੀਟਿੰਗ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਚੋਣ ਕਮਿਸ਼ਨ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਮਾਲਵੇ ਦੇ ਅਜਿਹੇ ਖੇਤਰਾਂ, ਜਿੱਥੋਂ ਦੀ ਨੁਮਾਇੰਦਗੀ ਪ੍ਰਭਾਵਸ਼ਾਲੀ ਸਿਆਸਤਦਾਨਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਸਰਹੱਦੀ ਖੇਤਰ ਵਿੱਚ ਕਾਨੂੰਨ ਵਿਵਸਥਾ ਲੀਹ ਤੋਂ ਲਹੀ ਪਈ ਹੈ। ਚੋਣ ਕਮਿਸ਼ਨ ਨੇ ਖੁਫ਼ੀਆ ਰਿਪੋਰਟਾਂ ਦੇ ਆਧਾਰ ‘ਤੇ ਹੀ ਸਰਹੱਦੀ ਖੇਤਰਾਂ ਅਤੇ ਬਠਿੰਡਾ ਜ਼ਿਲ੍ਹੇ ਦੀ ਚੋਣ ਕੀਤੀ ਹੈ। ਉਪ ਚੋਣ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਵੱਲੋਂ ਪੂਰੇ ਜ਼ਿਲ੍ਹੇ ਦੇ ਪੁਲੀਸ ਅਫ਼ਸਰਾਂ ਨਾਲ ਦਿਨ ਭਰ ਮੀਟਿੰਗ ਕੀਤੀ ਜਾਵੇਗੀ। ਪੁਲੀਸ ਅਫ਼ਸਰਾਂ ਨਾਲ ਮੀਟਿੰਗ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਜਾਵੇਗੀ। ਥਾਣਾ ਪੱਧਰ ਤੱਕ ਸਮੀਖਿਆ ਕਰ ਲੈਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਪੁਲੀਸ ਨੂੰ ਹਾਕਮ ਪਾਰਟੀ ਦੇ ਕੰਟਰੋਲ ਤੋਂ ਮੁਕਤ ਕਰਨ ਲਈ ਅਗਲੀ ਰਣਨੀਤੀ ਉਲੀਕੀ ਜਾਵੇਗੀ।
ਸੂਤਰਾਂ ਦਾ ਦੱਸਣਾ ਹੈ ਕਿ ਤਰਨ ਤਾਰਨ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਉਪ ਚੋਣ ਕਮਿਸ਼ਨ ਵੱਲੋਂ ਥਾਣਿਆਂ ਦੀ ਸਮੀਖਿਆ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਕਮਿਸ਼ਨ ਦੇ ਹੋਰ ਅਫ਼ਸਰ ਸਮੁੱਚੇ ਪੰਜਾਬ ਦੇ ਥਾਣਿਆਂ ਦੀ ਸਮੀਖਿਆ ਕਰਨਗੇ। ਇਸ ਸਮੀਖਿਆ ਦੌਰਾਨ ਮੁੱਖ ਤੌਰ ‘ਤੇ ਪਿਛਲੇ ਦੋ ਸਾਲਾਂ ਦੌਰਾਨ ਸਬੰਧਤ ਥਾਣੇ ਅਧੀਨ ਆਉਂਦੇ ਖੇਤਰ ਵਿੱਚ ਹੋਏ ਅਪਰਾਧ ਸਬੰਧੀ ਪੁਲੀਸ ਦੀ ਕਾਰਗੁਜ਼ਾਰੀ ਦੇਖੀ ਜਾਵੇਗੀ। ਚੋਣ ਅਧਿਕਾਰੀਆਂ ਦਾ ਦੱਸਣਾ ਹੈ ਕਿ ਸਮੀਖਿਆ ਦੌਰਾਨ ਇਹ ਗੱਲ ਸਪਸ਼ਟ ਹੋ ਜਾਵੇਗੀ ਕਿ ਅਪਰਾਧ ਨਾਲ ਨਜਿੱਠਣ ਦੇ ਸਬੰਧ ਵਿੱਚ ਪੁਲੀਸ ਕਾਨੂੰਨ ਮੁਤਾਬਕ ਕੰਮ ਕਰਦੀ ਹੈ ਜਾਂ ਸਿਆਸਤਦਾਨਾਂ ਦੇ ਇਸ਼ਾਰੇ ਉਪਰ। ਕਮਿਸ਼ਨ ਵੱਲੋਂ ਥਾਣਿਆਂ ਵਿੱਚ ਕਤਲ, ਔਰਤਾਂ ‘ਤੇ ਹੋਏ ਅਪਰਾਧ, ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਕੇਸਾਂ ਦੀ ਸਮੀਖਿਆ ਕਰਦਿਆਂ ਦੇਖਿਆ ਜਾਵੇਗਾ ਕਿ ਪੁਲੀਸ ਨੇ ਮਾਮਲੇ ਦੀ ਤਫ਼ਤੀਸ਼ ਸਹੀ ਢੰਗ ਨਾਲ ਕੀਤੀ। ਚਲਾਨ ਢੁਕਵੇਂ ਸਮੇਂ ਵਿੱਚ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਜਾਂ ਨਹੀਂ। ਕਮਿਸ਼ਨ ਦਾ ਮੰਨਣਾ ਹੈ ਕਿ ਪੁਲੀਸ ਦੀ ਕਾਰਗੁਜ਼ਾਰੀ ਪਰਖਣ ਦਾ ਇਹ ਇਕ ਕਾਰਗਰ ਤਰੀਕਾ ਹੈ। ਕਮਿਸ਼ਨ ਨੂੰ ਇੰਟੈਲੀਜੈਂਸ ਬਿਊਰੋ (ਆਈਬੀ) ਤੋਂ ਰਿਪੋਰਟਾਂ ਮਿਲੀਆਂ ਹਨ ਕਿ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਹੈ।
ਸੱਤਾਧਾਰੀਆਂ ਦੇ ਇਸ਼ਾਰੇ ‘ਤੇ ਹੁੰਦੇ ਰਹੇ ਨੇ ਕੇਸ ਦਰਜ
ਆਈਬੀ ਦੀਆਂ ਰਿਪੋਰਟਾਂ ਮੁਤਾਬਕ ਤਰਨ ਤਾਰਨ, ਫ਼ਿਰੋਜ਼ਪੁਰ ਤੇ ਬਟਾਲਾ ਵਰਗੇ ਜ਼ਿਲ੍ਹਿਆਂ ਵਿੱਚ ਹਾਕਮ ਪਾਰਟੀਆਂ ਦੇ ਆਗੂਆਂ ਦੇ ਇਸ਼ਾਰੇ ‘ਤੇ ਹੀ ਕੇਸ ਦਰਜ ਕੀਤੇ ਜਾਂਦੇ ਹਨ ਜਾਂ ਰੱਦ ਕਰ ਦਿੱਤੇ ਜਾਂਦੇ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਹਾਕਮ ਸਿਆਸਤਦਾਨ ਵੀ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਮਾਲਵਾ ਦਾ ਬਠਿੰਡਾ ਖੇਤਰ ਵੀ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ, ਜਿਸ ਕਰ ਕੇ ਕਮਿਸ਼ਨ ਨੇ ਇਸ ਜ਼ਿਲ੍ਹੇ ਦੀ ਚੋਣ ਕੀਤੀ ਹੈ। ਕਮਿਸ਼ਨ ਨੇ ਸਮੀਖਿਆ ਦਾ ਕੰਮ 14 ਨਵੰਬਰ ਤੋਂ ਸ਼ੁਰੂ ਕਰਨਾ ਸੀ ਪਰ 14 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਦਾ ਪ੍ਰਕਾਸ਼ ਪੁਰਬ ਹੋਣ ਕਾਰਨ ਇਹ ਕੰਮ 15 ਨਵੰਬਰ ਤੋਂ ਸ਼ੁਰੂ ਹੋਵੇਗਾ।