ਜਥੇਦਾਰ ਧਿਆਨ ਸਿੰਘ ਮੰਡ ਨੇ ਸਿੱਖ ਕੌਮ ਦੇ ਨਾਂਅ ਸੰਦੇਸ਼ ਦਿੱਤਾ

ਜਥੇਦਾਰ ਧਿਆਨ ਸਿੰਘ ਮੰਡ ਨੇ ਸਿੱਖ ਕੌਮ ਦੇ ਨਾਂਅ ਸੰਦੇਸ਼ ਦਿੱਤਾ

ਫ਼ਿਰੋਜ਼ਪੁਰ/ਬਿਊਰੋ ਨਿਊਜ਼ :
ਸਰਬੱਤ ਖਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੂੰ ਪੁਲੀਸ ਵਲੋਂ ਰਿਹਾਅ ਕਰ ਦਿੱਤਾ ਗਿਆ। ਰਿਹਾਈ ਉਪਰੰਤ ਤੁਰੰਤ ਉਨ੍ਹਾਂ ਵਲੋਂ ਦੀਵਾਲੀ ਦੇ ਪਾਵਨ ਦਿਹਾੜੇ ‘ਤੇ ਸਿੱਖ ਕੌਮ ਦੇ ਨਾਂਅ ‘ਤੇ ਸੰਦੇਸ਼ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਵਲੋਂ ਦੀਵਾਲੀ ਤੋਂ ਇਕ ਦਿਨ ਪਹਿਲਾਂ ਕਾਰਜਕਾਰੀ ਜਥੇਦਾਰ ਨੂੰ ਉਨ੍ਹਾਂ ਦੇ ਫ਼ਿਰੋਜ਼ਪੁਰ ਸ਼ਹਿਰ ਨਿੱਜੀ ਰਿਹਾਇਸ਼ ‘ਤੇ ਹੀ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਜੋ ਉਹ ਦੀਵਾਲੀ ‘ਤੇ ਸਿੱਖ ਕੌਮ ਦੇ ਨਾਂਅ ਸੰਦੇਸ਼ ਜਾਰੀ ਨਾ ਕਰਨ ਸਕਣ। ਜਥੇਦਾਰ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਸਿੱਖ ਪੰਥ ਨੇ ਪੂਰੇ ਸੰਸਾਰ ਵਿਚ ਬਹੁਤ ਚੜ੍ਹਦੀ ਕਲਾ ਦੇ ਕਾਰਜ ਕੀਤੇ ਹਨ, ਜਿਸ ‘ਤੇ ਅੱਜ ਸਾਨੂੰ ਸਭ ਨੂੰ ਮਾਣ ਵੀ ਹੈ, ਪਰ ਅਜੌਕੇ ਸਮੇਂ ਕੌਮ ਵਿਚ ਪਤਿਤਪੁਣਾ, ਨਸ਼ਿਆਂ ਦਾ ਰੁਝਾਨ ਤੇ ਦੇਹਧਾਰੀ ਗੁਰੂਡੰਮ ਦਾ ਬੋਲਬਾਲਾ ਹੈ। ਪੰਜਾਬ ਉਪਰ ਰਾਜ ਕਰਨ ਵਾਲੇ ਹੁਕਮਰਾਨ ਅੱਜ ਸਾਡੇ ਗੁਰੂ ਦੇ ਮਹਾਨ ਤਖ਼ਤਾਂ, ਗੁਰਦੁਆਰਿਆਂ, ਗੁਰੂਧਾਮਾਂ ਤੇ ਸ਼੍ਰੋਮਣੀ ਪੰਥਕ ਸੰਸਥਾਵਾਂ ਉਪਰ ਕਾਬਜ਼ ਹੋ ਕੇ ਮਨਮਾਨੀ ਕਰ ਰਹੇ ਹਨ। ਬਹੁਤ ਸਾਰੇ ਸਾਡੇ ਸਿੱਖ ਯੋਧੇ ਲੰਬੇ ਸਮੇਂ ਤੋਂ ਭਾਰਤ ਦੀਆਂ ਜੇਲ੍ਹਾਂ ਵਿਚ ਕੈਦ ਕੀਤੇ ਹੋਏ ਹਨ। ਅੱਜ ਸਮੇਂ ਦੀ ਲੋੜ ਹੈ ਅਸੀਂ ਸਾਰੇ ਸਾਬਤ ਸੂਰਤ ਹੋ ਕੇ ਅੰਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਲੈ ਜਾਈਏ ਤੇ ਆਪਣੇ ਬੰਦੀ ਸਿੰਘਾਂ ਦੀ ਰਿਹਾਈ, ਤਖ਼ਤਾਂ, ਗੁਰਦੁਆਰਿਆਂ, ਗੁਰਧਾਮਾਂ ਸ਼੍ਰੋਮਣੀ ਸੰਸਥਾਵਾਂ ਦੀ ਆਜ਼ਾਦੀ ਲਈ ਏਕਤਾ, ਇਕਮੁੱਠਤਾ ਨਾਲ ਆਪਣੇ ਫਰਜ਼ਾਂ ਨੂੰ ਨਿਭਾਈਏ, ਥਾਂ ਪਰ ਥਾਂ ਹੋ ਰਹੀ ਗੁਰਬਾਣੀ ਦੀ ਬੇਅਦਬੀ ਨੂੰ ਠੱਲ੍ਹ ਪਾਈਏ ਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਤੋਂ ਦੂਰੀ ਬਣਾਈਏ ਤੇ ਬਣਦੀ ਸਜ਼ਾ ਦਿਵਾ ਸਕੀਏ।